ਸੁਰਿੰਦਰ ਿਢੱਲੋਂ, ਟਾਂਡਾ : ਮੰਗਲਵਾਰ ਨੂੰ ਪਿੰਡ ਖੋਖਰ ਦੇ ਇਕ ਗੁੱਜਰ ਪਰਿਵਾਰ ਦੀਆਂ 9 ਮੱਝਾਂ ਦੀ ਜ਼ਹਿਰੀਲਾ ਖਾਣਾ ਖਾਣ ਨਾਲ ਮੌਤ ਹੋ ਗਈ, ਜਦਕਿ 12 ਮੱਝਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਲਾਮਦੀਨ ਪੁੱਤਰ ਯੁਸੂਫ ਅਲੀ ਨੇ ਦੱਸਿਆ ਕਿ ਉਹ ਤੇ ਉਸ ਦਾ ਭਰਾ ਬਰਕਤ ਅਲੀ ਤੇ ਗੁਲਾਬਦੀਨ ਪਿਛਲੇ ਕਈ ਸਾਲਾਂ ਤੋਂ ਪਿੰਡ ਖੋਖਰ 'ਚ ਰਹਿ ਰਹੇ ਹੈ, ਹਰ ਰੋਜ਼ ਦੀ ਤਰ੍ਹਾਂ ਮੰਗਲਵਾਰ ਸਵੇਰੇ 8 ਵਜੇ ਦੇ ਕਰੀਬ ਆਪਣੀਆਂ ਮੱਝਾਂ ਨੂੰ ਲੈ ਕੇ ਪਿੰਡ ਮੋਹਕੰਗੜ੍ਹ ਵੱਲ ਚਰਾਉਣ ਲਈ ਲੈ ਕਿ ਗਿਆ ਸੀ। ਚਾਰਾ ਚਰਾਉਣ ਤੋਂ ਬਾਅਦ ਮੱਝਾਂ ਨੂੰ ਵਾਪਸ ਲੈ ਕੇ ਆਉਂਦੇ ਹੋਏ ਰਸਤੇ 'ਚ ਕਿਸੇ ਦੇ ਖੇਤ 'ਚੋਂ ਪਾਣੀ ਵੀ ਪੀਤਾ ਸੀ। ਜਦੋਂ 12 ਵਜੇ ਦੇ ਕਰੀਬ ਮੱਝਾਂ ਆਪਣੇ ਕੋਲ 'ਚ ਵਾਪਸ ਲੈ ਕੇ ਆਏ ਤਾਂ ਕੁਝ ਸਮੇਂ ਬਾਅਦ ਖੜ੍ਹੀਆਂ ਮੱਝਾਂ ਇਕ-ਇਕ ਕਰ ਕੇ ਡਿੱਗਣ ਲੱਗ ਪਈਆਂ। ਉਨ੍ਹਾਂ ਉਸੇ ਵੇਲੇ ਵੈਟਰਨਰੀ ਹਸਪਤਾਲ ਖਰਲ ਖ਼ੁਰਦ ਦੇ ਡਾਕਟਰਾਂ ਨੂੰ ਸੂਚਿਤ ਕੀਤਾ ਤਾਂ ਮੌਕੇ 'ਤੇ ਡਾ. ਹਰਕਮਲਦੀਪ ਸਿੰਘ ਦੀ ਟੀਮ ਨੇ ਆ ਕੇ ਜਦੋਂ ਮੱਝਾਂ ਨੂੰ ਚੈਕ ਕੀਤਾ ਤਾਂ ਉਦੋਂ ਤਕ 9 ਮੱਝਾਂ ਦੀ ਮੌਤ ਹੋ ਚੁੱਕੀ ਸੀ ਤੇ ਹੋਰ 12 ਮੱਝਾਂ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ।

ਬਰਕਤ ਅਲੀ ਨੇ ਦੱਸਿਆ ਕਿ ਸਾਡੀਆਂ ਕੁਝ ਮੱਝਾਂ ਗਰਭਵਤੀ ਸਨ। ਇੰਨ੍ਹਾਂ ਮੱਝਾਂ ਦੇ ਮਰਨ ਨਾਲ ਸਾਡਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਉਸ ਨੇ ਦੱਸਿਆ ਕਿ ਸਾਡੀ ਰੋਜ਼ੀ ਰੋਟੀ ਤੇ ਪਰਿਵਾਰਕ ਖਰਚ ਮੱਝਾਂ ਦਾ ਦੁੱਧ ਵੇਚ ਕੇ ਚੱਲਦਾ ਹੈ। ਹੁਣ ਅਸੀਂ ਤਾਂ ਰੋਜ਼ੀ ਰੋਟੀ ਤੋਂ ਵੀ ਵਾਂਝੇ ਹੋ ਗਏ ਹਾਂ।

-ਕੀ ਕਹਿਣਾ ਡਾਕਟਰ ਦਾ

ਜਦੋਂ ਇਸ ਸਬੰਧੀ ਵੈਟਰਨਰੀ ਡਾ. ਹਰਕਮਲਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਮੱਝਾਂ ਨੇ ਕੋਈ ਜ਼ਹਿਰੀਲਾ ਚਾਰਾ ਚਰ ਲਿਆ ਹੈ, ਜਿਸ ਕਾਰਨ ਇਨ੍ਹਾਂ 9 ਮੱਝਾਂ ਦੀ ਮੌਤ ਹੋ ਗਈ ਹੈ। ਡਾਕਟਰ ਨੇ ਕਿਹਾ ਕਿ ਬਾਕੀ ਮੱਝਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ।