ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ

ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦਾ ਕਰੋਪ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ। ਇਸ ਦੀ ਲਪੇਟ 'ਚ ਆਉਣ ਨਾਲ ਰੋਜ਼ਾਨਾਂ ਕਈ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ। ਮਈ ਮਹੀਨੇ ਵਿਚ 3,654 ਕੇਸ ਕੋਰੋਨਾ ਪਾਜ਼ੇਟਿਵ ਤੇ 84 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੁੱਧਵਾਰ ਵਾਰ ਆਈ 3,749 ਸੈਂਪਲਾਂ ਦੀ ਰਿਪੋਰਟ 'ਚ 387 ਮਰੀਜ਼ ਕੋਰੋਨਾ ਪਾਜ਼ੇਟਿਵ ਆਏ ਹਨ, ਜਿਨ੍ਹਾਂ ਵਿਚੋਂ 17 ਵੱਖ-ਵੱਖ ਜ਼ਿਲਿ੍ਹਆਂ ਨਾਲ ਸਬੰਧਤ ਹਨ ਤੇ 4 ਅੌਰਤਾਂ ਸਮੇਤ 8 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਜ਼ਿਲ੍ਹੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 22,447 ਤੇ 810 ਲੋਕਾਂ ਦੀ ਹੋਈ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਵਰਗੇ ਸ਼ੱਕੀ ਲੱਛਣਾਂ ਵਾਲੇ 4,230 ਵਿਅਕਤੀਆਂ ਦੇ ਸੈਂਪਲ ਇਕੱਠੇ ਕਰਕੇ ਟੈਸਟਿੰਗ ਲਈ ਲੈਬ ਵਿਚ ਭੇਜੇ ਗਏ ਹਨ। ਉਨ੍ਹਾਂ ਦੱਸਿਆ ਪਾਜ਼ੇਟਿਵ ਆਏ ਮਰੀਜ਼ਾਂ ਵਿਚ 80 ਕੇਸ ਹੁਸ਼ਿਆਰਪੁਰ ਸ਼ਹਿਰ ਤੇ 290 ਜ਼ਿਲ੍ਹੇ ਦੇ ਵੱਖ-ਵੱਖ ਸਿਹਤ ਕੇਂਦਰਾਂ ਨਾਲ ਸਬੰਧਤ ਹਨ।

ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ 'ਚ ਕੋਵਿਡ-19 ਦੇ ਲਏ ਗਏ ਕੁੱਲ ਸੈਂਪਲਾਂ ਦੀ ਗਿਣਤੀ 4,96,378 ਹੋ ਗਈ ਹੈ, ਜਿਨ੍ਹਾਂ ਵਿਚੋਂ 4,70,484 ਸੈਂਪਲ ਨੈਗਟਿਵ, 4975 ਸਂਪਲਾਂ ਦੀ ਰਿਪੋਰਟ ਦਾ ਇੰਤਜਾਰ ਹੈ ਤੇ 202 ਸੈਂਪਲ ਇਨਵੈਲਡ ਹਨ। ਉਨ੍ਹਾਂ ਦੱਸਿਆ ਜ਼ਿਲ੍ਹੇ ਵਿਚ 2,908 ਕੇਸ ਐਕਟਿਵ ਹਨ ਤੇ 20,414 ਕੋਰੋਨਾ ਪੀੜਤ ਠੀਕ ਹੋ ਚੁੱਕੇ ਹਨ।

ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਚਾਰ ਅੌਰਤਾਂ ਸਮੇਤ ਅੱਠ ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿਚ ਪਿੰਡ ਖਾਨਪੁਰ ਦੀ ਇਕ 50 ਸਾਲਾ ਅੌਰਤ ਦੀ ਜਲੰਧਰ ਵਿਖੇ ਮੌਤ, ਪਿੰਡ ਸਕਰੁਲੀ ਦੇ 46 ਸਾਲਾ ਵਿਅਕਤੀ ਦੀ ਹੁਸ਼ਿਆਰਪੁਰ ਵਿਖੇ ਮੌਤ, ਪਿੰਡ ਲਕਸੀ ਦੀ 40 ਸਾਲਾ ਅੌਰਤ ਦੀ ਹੁਸ਼ਿਆਰਪੁਰ ਵਿਖੇ ਮੌਤ, ਪਿੰਡ ਪੋਸੀ ਦੀ 80 ਸਾਲਾ ਬਜ਼ੁਰਗ ਅੌਰਤ ਦੀ ਹੁਸ਼ਿਆਰਪੁਰ ਵਿਖੇ ਮੌਤ, ਪਿੰਡ ਕੋਟਲਾ ਦੇ 60 ਸਾਲਾ ਵਿਅਕਤੀ ਦੀ ਹੁਸ਼ਿਆਰਪੁਰ ਵਿਖੇ ਮੌਤ, ਪਿੰਡ ਟਿੱਬਾ ਦੀ 60 ਸਾਲਾ ਅੌਰਤ ਦੀ ਹੁਸ਼ਿਆਰਪੁਰ ਵਿਖੇ ਮੌਤ, ਪਿੰਡ ਬੁੱਢਾਬੜ ਦੇ 70 ਸਾਲਾ ਵਿਅਕਤੀ ਦੀ ਜਲੰਧਰ ਵਿਖੇ ਮੌਤ, ਮੁਹੱਲਾ ਦਸਮੇਸ਼ ਨਗਰ ਦੇ 73 ਸਾਲਾ ਵਿਅਕਤੀ ਦੀ ਹੁਸ਼ਿਆਰਪੁਰ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਹੈ।

------

ਕਰਫਿਊ ਦੀ ਉਲੰਘਣਾ ਕਰਨ ਵਾਲੇ ਪੰਜ ਵਿਅਕਤੀਆਂ 'ਤੇ ਪਰਚਾ ਦਰਜ

ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਸੂਬਾ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਈਟ ਕਲਫਿਊ ਲਗਾਇਆ ਗਿਆ ਹੈ। ਇਸ ਦੌਰਾਨ ਜੋ ਵੀ ਵਿਅਕਤੀ ਬਿਨਾਂ ਵਜਾ ਘੁੰਮਦਾ ਦਿਖਾਈ ਦਿੰਦਾ ਹੈ ਤਾਂ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਵੱਲੋਂ ਉਨ੍ਹਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਕਰਫਿਊ ਦੀ ਉਲੰਘਣਾ ਕਰਨ ਵਾਲੇ 5 ਵਿਅਕਤੀਆਂ ਖ਼ਿਲਾਫ਼ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿਚ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸ਼ਾਮ ਲਾਲ ਤੇ ਦੀਪਕ ਕੁਮਾਰ ਥਾਣਾ ਤਲਵਾੜਾ, ਨਰੇਸ਼ ਕੁਮਾਰ ਥਾਣਾ ਗੜ੍ਹਦੀਵਾਲਾ, ਬਲਵਿੰਦਰ ਸਿੰਘ ਥਾਣਾ ਹਰਿਆਣਾ, ਯੁਸਫ ਥਾਣਾ ਹਾਜੀਪੁਰ ਤੇ ਪਵਨ ਥਾਣਾ ਮਾਹਿਲਪੁਰ ਵਜੋਂ ਹੋਈ ਹੈ।