ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ - ਹੁਸ਼ਿਆਰਪੁਰ ਵਾਸੀਆਂ ਨੂੰ ਗਰਮੀਆਂ ਦੇ ਇਸ ਸੀਜ਼ਨ 'ਚ ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਇਕ ਤੋਹਫ਼ਾ ਦਿੱਤਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਦੀ ਸੁਵਿਧਾ ਨੂੰ ਧਿਆਨ 'ਚ ਰੱਖਦੇ ਹੋਏ 66 ਕੇਵੀ 12.5 ਐੱਮਵੀਏ ਸਬ-ਸਟੇਸ਼ਨ ਮਾਲ ਰੋਡ ਹੁਸ਼ਿਆਰਪੁਰ ਜਨਤਾ ਨੂੰ ਸਮਰਪਿਤ ਕਰ ਦਿੱਤਾ ਹੈ। ਇਸ ਦੇ ਸ਼ੁਰੂ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਜਿਥੇ ਗਰਮੀਆਂ 'ਚ ਹੁਣ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ, ਉਥੇ ਇਸ ਦੇ ਨਾਲ ਲੱਗਦੇ ਇਲਾਕਿਆਂ 'ਚ ਨਵੇਂ ਉਦਯੋਗਾਂ ਨੂੰ ਬਿਜਲੀ ਕੁਨੈਕਸ਼ਨ ਤੁਰੰਤ ਦਿੱਤੇ ਜਾ ਸਕਣਗੇ, ਜਿਸ ਨਾਲ ਇਲਾਕੇ ਦੀ ਤਰੱਕੀ ਵੀ ਹੋਵੇਗੀ।

ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਇਹ ਸਬ-ਸਟੇਸ਼ਨ ਬਣਨ ਨਾਲ ਹੁਸ਼ਿਆਰਪੁਰ ਪੰਜਾਬ ਦਾ ਪਹਿਲਾ ਸ਼ਹਿਰ ਬਣ ਗਿਆ ਹੈ, ਜਿਸ 'ਚ ਕਰੀਬ 22 ਕਰੋੜ ਦੀ ਲਾਗਤ ਨਾਲ 66 ਕੇਵੀ ਅੰਡਰ ਗਰਾਉਂਡ ਕੇਬਲ ਪਾ ਕੇ ਰਿੰਗ ਮੇਨ ਸਿਸਟਮ ਚਾਲੂ ਕਰਕੇ ਚਾਰ ਬਿਜਲੀ ਘਰਾਂ 66 ਕੇਵੀ ਮਾਲ ਰੋਡ-ਸਬ ਸਟੇਸ਼ਨ, 66 ਕੇਵੀ ਗਊਸ਼ਾਲਾ ਬਾਜ਼ਾਰ ਸਬ-ਸਟੇਸ਼ਨ, 66 ਕੇਵੀ ਸਰਕਲ ਆਫਿਸ ਸਬ ਸਟੇਸ਼ਨ ਅਤੇ 66 ਕੇਵੀ ਸਾਧੂ ਆਸ਼ਰਮ ਸਬ ਸਟੇਸ਼ਨ ਨੂੰ ਆਪਸ 'ਚ ਜੋੜਿਆ ਗਿਆ ਹੈ, ਤਾਂ ਜੋ ਕਿਸੇ ਵੀ ਸਬ-ਸਟੇਸ਼ਨ 'ਤੇ ਖਰਾਬੀ ਆਉਣ 'ਤੇ ਸਪਲਾਈ ਦੂਸਰੇ ਪਾਸਿਓਂ ਚਲਾਈ ਜਾ ਸਕੇ ਅਤੇ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਸਕੇ।

ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਇਸ ਸਬ-ਸਟੇਸ਼ਨ ਦੇ ਸ਼ੁਰੂ ਹੋਣ ਨਾਲ ਹੁਸ਼ਿਆਰਪੁਰ ਸ਼ਹਿਰ ਦੇ 56,155 ਖਪਤਕਾਰਾਂ, ਦੁਕਾਨਦਾਰਾਂ, ਵਪਾਰਕ ਸੰਸਥਾਵਾਂ ਨੂੰ ਵਧੀਆ ਬਿਜਲੀ ਸਪਲਾਈ ਮਿਲੇਗੀ ਅਤੇ ਫਾਲਟ ਆਉਣ 'ਤੇ ਫੀਡਰ ਨਵੇਂ ਅਤੇ ਛੋਟੇ ਹੋਣ ਕਾਰਨ ਸਪਲਾਈ ਤੁਰੰਤ ਬਹਾਲ ਕੀਤੀ ਜਾ ਸਕੇਗੀ। ਇਸ ਦੌਰਾਨ ਉਨ੍ਹਾਂ ਪੰਜਾਬ ਪਾਵਰ ਕਾਰਪੋਰੇਸ਼ਨ ਦੇ ਸੀਐੱਮਡੀ ਇੰਜੀਨੀਅਰ ਬਲਦੇਵ ਸਰਾਂ, ਉਨ੍ਹਾਂ ਦੀ ਪੂਰੀ ਟੀਮ ਅਤੇ ਨਿਰਮਾਣ ਸੰਸਥਾ ਗਰਿੱਡ ਦਾ ਧੰਨਵਾਦ ਕੀਤਾ, ਜਿਨ੍ਹਾਂ ਦਿਨ-ਰਾਤ ਮਿਹਨਤ ਕਰਕੇ ਇਸ ਗਰਮੀ ਦੇ ਸੀਜ਼ਨ 'ਚ ਇਹ ਅੰਡਰ ਗਰਾਉਂਡ 66 ਕੇਵੀ ਸਿਸਟਮ, ਬਜਲੀ ਘਰ ਅਤੇ ਇਲਾਕੇ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਪੂਰਾ ਕਰਵਾਇਆ।

-

ਬਿਜਲੀ ਘਰ ਤੋਂ 5 ਨਵੇਂ ਫੀਡਰ ਕੀਤੇ ਗਏ ਚਾਲੂ : ਖਾਂਬਾ

ਪਾਵਰ ਕਾਰਪੋਰੇਸ਼ਨ ਹੁਸ਼ਿਆਰਪੁਰ ਦੇ ਐੱਸਈ ਪੀਐੱਸ ਖਾਂਬਾ ਨੇ ਦੱਸਿਆ ਕਿ ਇਸ ਸਬ ਸਟੇਸ਼ਨ ਦੇ ਚਾਲੂ ਹੋਣ 'ਤੇ ਪਹਿਲਾਂ ਕਰੀਬ 22,500 ਖਪਤਕਾਰ ਨੂੰ ਇਕ ਫੀਡਰ ਰਾਹੀਂ 66 ਕੇਵੀ ਸਾਧੂ ਆਸ਼ਰਮ ਤੋਂ ਸਪਲਾਈ ਮਿਲਦੀ ਸੀ ਤੇ ਖਰਾਬੀ ਆਉਣ ਜਾਂ ਬੰਦ ਹੋਣ 'ਤੇ ਕਰੀਬ ਅੱਧੇ ਹੁਸ਼ਿਆਰਪੁਰ ਦੀ ਬਿਜਲੀ ਬੰਦ ਹੋ ਜਾਂਦੀ ਸੀ, ਪਰ ਇਸ ਬਿਜਲੀ ਘਰ ਤੋਂ 5 ਨਵੇਂ ਫੀਡਰ ਚਾਲੂ ਕੀਤੇ ਗਏ ਹਨ, ਜਿਸ ਨਾਲ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਮਿਲੇਗੀ। ਇਸ ਮੌਕੇ ਐਕਸੀਅਨ ਸਿਟੀ ਇੰਜੀਨੀਅਰ ਮਨਰੂਪ ਸਿੰਘ, ਐਕਸੀਅਨ ਸਬ ਸਟੇਸ਼ਨ ਇੰਜੀਨੀਅਰ ਸ੍ਰੀ ਜਸਵਿੰਦਰ ਸਿੰਘ ਵਿਰਦੀ, ਪਾਵਰ ਕਾਰਪੋਰੇਸ਼ਨ ਦੇ ਹੋਰ ਅਧਿਕਾਰੀਆਂ ਤੋਂ ਇਲਾਵਾ ਸ਼ਾਦੀ ਲਾਲ, ਸੁਰਿੰਦਰ ਪਾਲ ਸਿੱਧੂ, ਦੀਪਕ ਪੁਰੀ, ਗੁਲਸ਼ਨ ਰਾਏ ਵੀ ਮੌਜੂਦ ਸਨ।