ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਜ਼ਿਲ੍ਹਾ ਖੇਤੀ ਉਤਪਾਦਨ ਕਮੇਟੀ ਦੀ ਮੀਟਿੰਗ ਕਰਕੇ ਸਬੰਧਤ ਵਿਭਾਗਾਂ ਨੂੰ ਕੰਮਾਂ ਦੀ ਸਮੀਖਿਆ ਕੀਤੀ। ਮਾਸਿਕ ਮੀਟਿੰਗ ਦੌਰਾਨ ਉਨ੍ਹਾਂ ਸਬੰਧਤ ਵਿਭਾਗਾਂ ਨੂੰ ਆਪਣੇ ਟੀਚਿਆਂ ਨੂੰ ਹਾਸਲ ਕਰਦੇ ਹੋਏ ਹਰੇਕ ਲਾਭਪਾਤਰੀ ਤੱਕ ਸਰਕਾਰੀ ਯੋਜਨਾਵਾਂ ਪਹੰੁਚਾਉਣ ਦੇ ਨਿਰਦੇਸ਼ ਦਿੱਤੇ। ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੇ ਕੁਮਾਰ ਨੇ ਦੱਸਿਆ ਕਿ ਰਬੀ 2020 ਦੌਰਾਨ ਕਣਕ ਤਹਿਤ 1,42,000 ਹੈਕਟੇਅਰ, ਤੇਲ ਬੀਜ ਤਹਿਤ 5500 ਹੈਕਟੇਅਰ, ਛੋਲਿਆਂ ਤਹਿਤ 200 ਹੈਕਟੇਅਰ ਅਤੇ ਮਸਰ ਤਹਿਤ 300 ਹੈਕਟੇਅਰ ਰਕਬਾ ਬਿਜਾਈ ਦਾ ਟੀਚਾ ਰੱਖਿਆ ਗਿਆ ਹੈ। ਕੁਆਲਟੀ ਕੰਟਰੋਲ 2020-21 ਦੌਰਾਨ ਖਾਦਾਂ, ਕੀਟ ਨਾਸ਼ਕਾਂ ਦੀ ਸਪਲਾਈ ਤਸੱਲੀਬਖਸ਼ ਹੈ ਅਤੇ ਕਿਸਾਨਾਂ ਨੂੰ ਚੰਗੇ ਕਿਸਮ ਦੇ ਬੀਜ ਮੁਹੱਈਆ ਕਰਵਾਉਣ ਲਈ ਖੇਤੀ ਇਨਪੁਟਸ ਦੇ ਸੈਂਪਲ ਲਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਅੰਨ ਸੁਰੱਖਿਆ ਮਿਸ਼ਨ (ਕਣਕ) ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 7700 ਕੁਇੰਟਲ ਬੀਜ ਦੇ ਟੀਚੇ ਤਹਿਤ 3700 ਕੁਇੰਟਲ ਬੀਜ ਵੱਖ-ਵੱਖ ਬਲਾਕਾਂ ਵਿੱਚ ਵੰਡਿਆ ਜਾ ਚੁੱਕਾ ਹੈ ਜਿਸ 'ਤੇ 1000 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਡੀ.ਬੀ.ਟੀ. ਰਾਹੀਂ ਪਾਈ ਜਾਵੇਗੀ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਸੀਟੂ ਸਕੀਮ ਤਹਿਤ ਕਿਸਾਨ, ਕਿਸਾਨ ਸਮੂਹਾਂ, ਸਹਿਕਾਰੀ ਸਭਾਵਾਂ, ਐਫਪੀਓ ਆਦਿ ਤੋਂ 24 ਅਗਸਤ 2020 ਤੱਕ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਮਸ਼ੀਨਾਂ (ਸੁਪਰ ਐਸ.ਐਮ.ਐਸ., ਹੈਪੀ ਸੀਡਰ, ਮਲਚਰ, ਐਮ.ਬੀ. ਪਲਾਓ, ਜ਼ੀਰੋ ਟਰਿੱਲ ਡਰਿੱਲ, ਸੁਪਰ ਸੀਡਰ) ਲੈਣ ਲਈ 412 ਬਿਨੈ ਪੱਤਰ ਪ੍ਰਰਾਪਤ ਹੋਏ ਸਨ, ਜਿਨ੍ਹਾਂ ਵਿੱਚੋਂ 348 ਬਿਨੈ ਪੱਤਰ ਮਨਜ਼ੂਰ ਕੀਤੇ ਗਏ ਅਤੇ 349 ਮਸ਼ੀਨਾਂ ਦੀ ਵੰਡ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਨਾਬਾਰਡ ਦੀ ਸਹਾਇਤਾ ਨਾਲ ਵੈਜੀਟੇਬਲ ਗ੍ਰੋਅਰ ਐਸੋਸੀਏਸ਼ਨ ਦੇ ਟੀਚੇ ਅਨੁਸਾਰ 6 ਐਫ.ਪੀ.ਓਜ਼ ਦੀ ਰਜਿਸਟਰੇਸ਼ਨ ਕਰਵਾਈ ਹੈ।

ਬਾਗਬਾਨੀ ਵਿਭਾਗ ਦੇ ਪ੍ਰਤੀਨਿੱਧੀ ਨੇ ਕਿਹਾ ਕਿ ਇਸ ਸਾਲ ਨਵੇਂ ਬਾਗ ਲਗਾਉਣ ਲਈ 600 ਹੈਕਟੇਅਰ ਟੀਚੇ ਤਹਿਤ 168.45 ਹੈਕਟੇਅਰ ਦੀ ਪ੍ਰਰਾਪਤੀ ਹੈ ਅਤੇ ਸਪਰੇਅ ਰਕਬਾ 8000 ਹੈਕਟੇਅਰ ਤਹਿਤ 8500 ਹੈਕਟੇਅਰ ਦੀ ਪ੍ਰਰਾਪਤੀ ਕੀਤੀ ਗਈ ਹੈ। ਜ਼ਿਲ੍ਹਾ ਮੰਡੀ ਅਫ਼ਸਰ ਨੇ ਦੱਸਿਆ ਕਿ ਇਸ ਵਾਰ ਝੋਨੇ ਅਤੇ ਬਾਸਮਤੀ ਦੀ ਆਮਦ ਵਿੱਚ 31 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਮੱਕੀ ਦੀ 27 ਫੀਸਦੀ ਵੱਧ ਆਮਦ ਹੋਈ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸਹਿਕਾਰੀ ਵਿਭਾਗ, ਭੂਮੀ ਅਤੇ ਜਲ ਸੰਭਾਲ ਵਿਭਾਗ, ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਮੱਛੀ ਪਾਲਣ, ਵਣ ਵਿਭਾਗ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।