ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਹੁਸ਼ਿਆਰਪੁਰ 'ਚ ਅੱਜ ਕੋਰੋਨਾ ਦੇ 4 ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ 'ਚੋਂ ਮੁਕੇਰੀਆਂ ਹਲਕੇ ਦੇ ਪਿੰਡ ਪੁਰੀਕਾ 'ਚ ਤਿੰਨ ਜਣਿਆ ਦੇ ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਇਲਾਕੇ ਅੰਦਰ ਸਹਿਮ ਦਾ ਮਾਹੌਲ ਬਣ ਗਿਆ ਹੈ। ਜਾਣਕਾਰੀ ਦਿੰਦਿਆਂ ਐੱਸਐੱਮਓ ਬੁੱਢਾਬੜ ਡਾ. ਜਤਿੰਦਰ ਕੁਮਾਰ ਨੇ ਦੱਸਿਆ ਕਿ ਪਿੰਡ ਪੁਰੀਕਾ ਦੇ ਇਕੋ ਪਰਿਵਾਰ ਦੇ ਤਿੰਨ ਜੀਅ ਕੋਰੋਨਾ ਪਾਜ਼ੇਟਿਵ ਆਏ ਹਨ। ਉਕਤ ਪਰਿਵਾਰ ਹਲਕਾ ਟਾਂਡਾ ਦੇ ਪਿੰਡ ਨੰਗਲੀ ਜਲਾਲਪੁਰ ਵਾਸੀ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਸੀ ਜਿਸ ਦੀ ਬੀਤੇ ਦਿਨੀਂ ਜ਼ੇਰੇ ਇਲਾਜ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਤਿੰਨੋਂ ਮਰੀਜ਼ਾਂ ਨੂੰ ਆਈਸੋਲੇਸ਼ਨ ਸੈਂਟਰ ਰਿਆਤ-ਬਾਹਰਾ ਹੁਸ਼ਿਆਰਪੁਰ ਵਿਖੇ ਭੇਜ ਦਿੱਤਾ ਗਿਆ ਹੈ, ਜਿੱਥੇ ਉਨ੍ਹਾਂ ਦੀ ਅਗਲੇਰੀ ਦੇਖ-ਰੇਖ ਕੀਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਪਾਜ਼ੇਟਿਵ ਆਏ ਮਰੀਜ਼ਾਂ ਦੇ ਸੰਪਰਕ 'ਚ ਆਏ ਲੋਕਾਂ ਦੀ ਸ਼ਨਾਖ਼ਤ ਕਰ ਕੇ ਅਗਲੇਰੀ ਜਾਂਚ ਕੀਤੀ ਜਾਵੇਗੀ।

ਪਿੰਡ ਨੰਗਲੀ ਜਲਾਲਪੁਰ ਦਾ ਇਕ ਹੋਰ ਵਿਅਕਤੀ ਕੋਰੋਨਾ ਪਾਜ਼ੇਟਿਵ

ਸੁਰਿੰਦਰ ਢਿੱਲੋਂ, ਟਾਂਡਾ ਉੜਮੁੜ : ਪਿਛਲੇ ਦਿਨੀਂ ਹਲਕਾ ਉੜਮੁੜ ਟਾਂਡਾ ਦੇ ਪਿੰਡ ਜਲਾਲਪੁਰ ਨੰਗਲੀ ਦੇ ਇਕ ਵਿਅਕਤੀ ਦੀ ਕੋਰੋਨਾ ਪਾਜ਼ੇਟਿਵ ਆਉਣ ਨਾਲ ਜਲੰਧਰ ਦੇ ਸਰਕਾਰੀ ਹਸਪਤਾਲ 'ਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਮ੍ਰਿਤਕ ਲਖਵਿੰਦਰ ਸਿੰਘ ਦੇ ਪਰਿਵਾਰ ਦੇ 5 ਮੈਂਬਰ ਸਿਹਤ ਵਿਭਾਗ ਵੱਲੋਂ ਕੀਤੇ ਕੋਰੋਨਾ ਟੈਸਟਾਂ 'ਚ ਪਾਜ਼ੇਟਿਵ ਪਾਏ ਗਏ ਸਨ, ਜਿਨ੍ਹਾਂ ਨੂੰ ਸਿਹਤ ਵਿਭਾਗ ਟਾਂਡਾ ਵੱਲੋਂ ਆਈਸੋਲੇਟ ਕਰਕੇ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ ਗਿਆ ਸੀ। ਸਿਹਤ ਵਿਭਾਗ ਵੱਲੋਂ ਚੌਕਸੀ ਵਰਤਦੇ ਹੋਏ ਲਖਵਿੰਦਰ ਸਿੰਘ ਨੂੰ ਜਲੰਧਰ ਟੈਕਸੀ ਜਰੀਏ ਲਿਜਾਣ 'ਤੇ ਲਿਆਉਣ ਵਾਲੇ ਟੈਕਸੀ ਚਾਲਕ ਬਲਦੇਵ ਸਿੰਘ ਤੇ ਮ੍ਰਿਤਕ ਲਖਵਿੰਦਰ ਸਿੰਘ ਦੇ ਸੰਪਰਕ 'ਚ ਆਉਣ ਵਾਲੇ 13 ਹੋਰ ਲੋਕਾਂ ਦੇ ਕੋਰੋਨਾ ਟੈਸਟ ਕੀਤੇ ਸਨ ਤੇ ਘਰਾਂ ਅੰਦਰ ਹੀ ਇਕਾਂਤਵਾਸ ਕਰ ਦਿੱਤੇ ਸਨ ਤੇ ਘਰਾਂ ਅੰਦਰ ਹੀ ਇਕਾਂਤਵਾਸ ਕਰ ਦਿੱਤੇ ਸਨ। ਇੰਨ੍ਹਾਂ 'ਚੋਂ ਦੋ ਰਿਪੋਰਟਾਂ ਅਜੇ ਤਕ ਆਈਆਂ ਹਨ, ਜਿਸ 'ਚ ਟੈਕਸੀ ਚਾਲਕ ਬਲਦੇਵ ਸਿੰਘ ਦੀ ਰਿਪੋਰਟ ਪਾਜ਼ੇਟਿਵ ਆ ਗਈ ਤੇ ਅਜੇ ਤਕ 12 ਲੋਕਾਂ ਦੀ ਰਿਪੋਰਟ ਆਉਣੀ ਬਾਕੀ ਹੈ।

Posted By: Amita Verma