ਜਗਤਾਰ ਮਹਿੰਦੀਪੁਰੀਆ, ਬਲਾਚੌਰ

ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਜਦੋਂ ਤੱਕ ਕੋਈ ਵੈਕਸੀਨ ਨਹੀਂ ਆ ਜਾਂਦਾ, ਉਦੋਂ ਤੱਕ ਮਾਸਕ ਹੀ ਸਾਡਾ ਵੈਕਸੀਨ ਹੈ। ਇਹ ਪ੍ਰਗਟਾਵਾ ਐੱਸਡੀਐੱਮ ਬਲਾਚੌਰ ਦੀਪਕ ਰੁਹੇਲਾ ਨੇ ਅੱਜ ਆਪਣੇ ਸਮੇਤ ਸਮੁੱਚੇ ਐੱਸਡੀਐੱਮ ਦਫ਼ਤਰ ਸਟਾਫ ਦਾ ਕੋਵਿਡ ਟੈਸਟ ਕਰਵਾਉਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਇਸ ਵੇਲੇ ਕੋਰੋਨਾ ਦੇ ਮਾਮਲੇ ਕੁਝ ਘਟੇ ਜ਼ਰੂਰ ਹਨ। ਪਰੰਤੂ ਇਹ ਖ਼ਤਮ ਨਹੀਂ ਹੋਇਆ ਅਤੇ ਇਸ ਦੀ ਦੂਜੀ ਲਹਿਰ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਇਸ ਲਈ ਸਾਨੂੰ ਇਸ ਤੋਂ ਬਚਾਅ ਲਈ ਪੂਰੀ ਤਰ੍ਹਾਂ ਸੁਚੇਤ ਹੋ ਕੇ ਸਾਰੀਆਂ ਸਾਵਧਾਨੀਆਂ ਵਰਤਣ ਅਤੇ ਸਰਕਾਰ ਅਤੇ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਤੋਂ ਬਚਾਅ ਲਈ ਆਪਣੇ ਕੋਵਿਡ ਟੈਸਟ ਜ਼ਰੂਰ ਕਰਵਾਉਣ ਅਤੇ ਆਪਣੇ ਦੋਸਤਾਂ-ਮਿੱਤਰਾਂ, ਨਜ਼ਦੀਕੀਆਂ ਅਤੇ ਰਿਸ਼ਤੇਦਾਰਾਂ ਨੂੰ ਵੀ ਵੱਧ ਤੋਂ ਵੱਧ ਟੈਸਟ ਕਰਵਾਉਣ ਲਈ ਪ੍ਰਰੇਰਿਤ ਕਰਨ। ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਜਾਣ ਤੋਂ ਗੁਰੇਜ ਕਰਦਿਆਂ ਮਾਸਕ ਲਗਾਉਣ, ਹੱਥਾਂ ਨੂੰ ਵਾਰ-ਵਾਰ ਸੈਨੇਟਾਈਜ਼ ਕਰਨ ਅਤੇ ਸੋਸ਼ਲ ਡਿਸਟੈਂਸ ਰੱਖਣੀ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਇਹ ਵੇਖਿਆ ਜਾ ਰਿਹਾ ਹੈ ਕਿ ਲਾਕਡਾਊਨ ਵਿਚ ਛੋਟਾਂ ਮਿਲਣ ਕਾਰਨ ਜ਼ਿਆਦਾਤਰ ਲੋਕਾਂ ਵੱਲੋਂ ਕੋਵਿਡ ਸਾਵਧਾਨੀਆਂ ਪ੍ਰਤੀ ਅਣਗਹਿਲੀ ਵਰਤੀ ਜਾ ਰਹੀ ਹੈ, ਜੋ ਕਿ ਘਾਤਕ ਸਿੱਧ ਹੋ ਸਕਦੀ ਹੈ। ਉਨ੍ਹਾ ਕਿਹਾ ਕਿ ਲੋਕਾਂ ਨੂੰ ਆਪਣੇ ਅਤੇ ਸਮਾਜ ਦੇ ਭਲੇ ਲਈ ਕੋਵਿਡ ਸਾਵਧਾਨੀਆਂ ਦਾ ਪਾਲਣ ਕਰਨਾ ਚਾਹੀਦਾ ਹੈ।