ਸੁਰਿੰਦਰ ਢਿੱਲੋਂ, ਟਾਂਡਾ ਉੜਮੁੜ - ਹਲਕਾ ਉੜਮੁੜ ਟਾਂਡਾ ਦੇ ਪਿੰਡ ਨੰਗਲੀ ਜਲਾਲਪੁਰ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਸਿਹਤ ਵਿਭਾਗ ਵੱਲੋਂ ਬੁੱਧਵਾਰ ਨੂੰ ਪਿੰਡ ਨੰਗਲੀ ਜਲਾਲਪੁਰ 'ਚ 3 ਹੋਰ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਪਿੰਡ ਨੰਗਲੀ ਜਲਾਲਪੁਰ 'ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 29 ਤੇ ਹੁਸ਼ਿਆਰਪੁਰ ਜ਼ਿਲ੍ਹੇ 'ਚ 134 ਹੋ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ ਨੂੰ ਰੋਕਣ ਲਈ ਨੰਗਲੀ ਜਲਾਲਪੁਰ ਦਾ ਨੇੜਲਾ 4 ਕਿਲੋਮੀਟਰ ਦਾ ਏਰੀਆ ਟਾਂਡਾ ਪੁਲਿਸ ਵੱਲੋਂ ਪੂਰੀ ਤਰ੍ਹਾਂ ਸੀਲ ਕੀਤਾ ਹੋਇਆ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਐੱਸਐੱਮਓ ਟਾਂਡਾ ਡਾ. ਕੇਆਰ ਬਾਲੀ ਨੇ ਦੱਸਿਆ ਕਿ ਪਿੰਡ ਨੰਗਲੀ ਜਲਾਲਪੁਰ ਦੇ ਮ੍ਰਿਤਕ ਲਖਵਿੰਦਰ ਸਿੰਘ ਦੇ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਹੋਈ ਮੌਤ ਤੋਂ ਬਾਅਦ ਮ੍ਰਿਤਕ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਡਾ. ਬਾਲੀ ਨੇ ਦੱਸਿਆ ਕਿ ਬੁੱਧਵਾਰ ਹੋਰ 3 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਸਿਹਤ ਵਿਭਾਗ ਵੱਲੋਂ ਹੁਣ ਤਕ 167 ਲੋਕਾਂ ਦੇ ਸੈਂਪਲ ਲਏ ਗਏ ਸਨ ਜਿਨ੍ਹਾਂ 'ਚੋਂ 29 ਲੋਕ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ। ਪਿੰਡ ਨੰਗਲ ਜਲਾਲਪੁਰ ਦਾ ਇਲਾਕਾ ਡੇਂਜਰ ਜੋਨ ਘੋਸ਼ਿਤ ਹੋਣ ਕਾਰਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਨਿਰਦੇਸ਼ਾ ਅਨੁਸਾਰ 4 ਕਿਲੋਮੀਟਰ ਤਕ ਦਾ ਏਰੀਆ ਪੁਲਿਸ ਪ੍ਰਸ਼ਾਸਨ ਦੀ ਸਹਾਇਤਾ ਨਾਲ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਡਾ. ਬਾਲੀ ਨੇ ਦੱਸਿਆ ਕਿ ਬੁੱਧਵਾਰ ਨੂੰ ਨੰਗਲੀ ਜਲਾਲਪੁਰ ਦੇ 49 ਹੋਰ ਲੋਕਾਂ ਦੇ ਸੈਂਪਲ ਲੈ ਕੇ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤੇ ਗਏ ਹਨ। ਇਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਸੀਲ ਕੀਤੇ ਇਲਾਕੇ ਵਾਲੇ ਪਿੰਡ ਜਲਾਲਪੁਰ, ਸਲੇਮਪੁਰ, ਭੂਲਪਰ, ਰੜਾ, ਬਸਤੀ ਬੋਹੜਾ, ਗੁਰਾਲਾ, ਪਿੱਡੀ ਖੈਰ, ਘੋੜੇਸ਼ਾਹ ਅਵਾਨ, ਜਲਾਲ ਨੰਗਲੀ ਆਦਿ ਪਿੰਡਾਂ ਦੀ ਸਕਰੀਨਿੰਗ ਕਰਨ ਤੋਂ ਬਾਅਦ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੀ ਪਛਾਣ ਕਰਕੇ ਸੈਂਪਲ ਇਕੱਤਰ ਕੀਤੇ ਜਾਣਗੇ।

Posted By: Tejinder Thind