ਜਤਿੰਦਰ ਕਲੇਰ, ਕਾਠਗੜ੍ਹ : ਬਲਾਚੌਰ-ਰੋਪੜ ਨੈਸ਼ਨਲ ਹਾਈਵੇ ਅੱਡਾ ਕਾਠਗੜ੍ਹ ਨੇੜੇ ਸਥਿਤ ਇਕ ਪੈਟਰੋਲ ਪੰਪ ਤੋਂ ਤਿੰਨ ਨੌਜਵਾਨਾਂ ਵੱਲੋਂ ਵੱਡੀਆਂ ਕੈਨੀਆਂ ਅਤੇ ਬਰੀਜਾ ਕਾਰ ਵਿਚ 14 ਹਜ਼ਾਰ ਰੁਪਏ ਦਾ ਡੀਜ਼ਲ ਪੁਆ ਕੇ ਰਫੂਚੱਕਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਪੈਟਰੋਲ ਪੰਪ ਦੇ ਕਰਿੰਦਿਆਂ ਕੁਲਦੀਪ ਸਿੰਘ ਤੇ ਸ਼ਮਸ਼ੇਰ ਨੇ ਦੱਸਿਆ ਕਿ ਇਕ ਕਾਰ ਜੋ ਰੋਪੜ ਸਾਈਡ ਤੋਂ ਆਈ ਸੀ, ਉਸ ਵਿਚ ਤਿੰਨ ਨੌਜਵਾਨਾਂ ਨੇ ਵੱਡੀਆਂ ਖਾਲੀ ਕੈਨੀਆਂ ਰੱਖੀਆਂ ਸਨ ਜਿਨਾਂ੍ਹ ਵਿਚ ਉਨਾਂ੍ਹ ਨੇ ਸਵੇਰੇ ਲਗਪਗ 5.30 ਵਜੇ ਦੇ ਕਰੀਬ 14 ਹਜ਼ਾਰ ਰੁਪਏ ਦਾ ਡੀਜ਼ਲ ਪੁਆਇਆ ਅਤੇ ਬਿੱਲ ਕੱਢਣ ਲਈ ਕਰਿੰਦਿਆਂ ਨੂੰ ਆਖਿਆ। ਉਦੋਂ ਹੀ ਉਹ ਮੌਕੇ ਤੋਂ ਗੱਡੀ ਲੈ ਕੇ ਰੋਪੜ ਸਾਈਡ ਵੱਲ ਨੂੰ ਭੱਜ ਗਏ। ਕਰਿੰਦਿਆਂ ਨੇ ਇਸ ਗੱਲ ਦੀ ਜਾਣਕਾਰੀ ਤੁਰੰਤ ਪੰਪ ਦੇ ਮਾਲਕ ਸੁੱਚਾ ਸਿੰਘ ਮਾਨ ਨੂੰ ਦਿੱਤੀ। ਖ਼ਬਰ ਸੁਣਦਿਆਂ ਹੀ ਉਹ ਵੀ ਪੈਟਰੋਲ ਪੰਪ 'ਤੇ ਪਹੁੰਚ ਗਏ ਅਤੇ ਉਨਾਂ੍ਹ ਨੇ ਇਸ ਠੱਗੀ ਦੀ ਸੂਚਨਾ ਥਾਣਾ ਕਾਠਗੜ੍ਹ੍ਹ ਵਿਖੇ ਦਿੱਤੀ। ਮੌਕੇ 'ਤੇ ਪੁਲਿਸ ਮੁਲਾਜ਼ਮ ਪਹੁੰਚੇ, ਜਿਨ੍ਹਾਂ ਗੱਡੀ ਦੇ ਨੰਬਰ ਬਾਰੇ ਪਤਾ ਕੀਤਾ ਤਾਂ ਦੇਖਿਆ ਕਿ ਠੱਗਾਂ ਨੇ ਕਿਸੇ ਮੋਟਰਸਾਈਕਲ ਦੀ ਨੰਬਰ ਪਲੇਟ ਗੱਡੀ ਪਿੱਛੇ ਲਗਾਈ ਹੋਈ ਸੀ ਪਰ ਅਜੇ ਤੱਕ ਇਹ ਨੌਜਵਾਨ ਠੱਗ ਪੁਲਿਸ ਦੇ ਅੜਿੱਕੇ ਨਹੀਂ ਆ ਸਕੇ। ਜਦੋਂ ਕਿ ਪੁਲਿਸ ਪੂਰੀ ਮੁਸਤੈਦੀ ਨਾਲ ਇਸ ਕੇਸ ਦੀ ਜਾਂਚ ਕਰ ਰਹੀ ਹੈ। ਪੰਪ ਦੇ ਕਰਿੰਦਿਆਂ ਨੇ ਦੱਸਿਆ ਕਿ ਨੌਜਵਾਨ ਠੱਗਾਂ ਦੀ ਉਮਰ ਲਗਭਗ 25 ਕੁ ਸਾਲਾਂ ਦੇ ਕਰੀਬ ਸੀ।