ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ

ਜ਼ਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿਮ ਤਹਿਤ ਜ਼ਿਲ੍ਹੇ ਭਰ 'ਚੋਂ 12 ਨਸ਼ਾ ਸਮੱਗਲਰਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਮੁਕਦਮੇ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਮੁਲਜ਼ਮਾਂ ਕੋਲੋਂ 480 ਗ੍ਰਾਮ ਨਸ਼ੀਲਾ ਪਾਊਡਰ, 320 ਨਸ਼ੇ ਦੀਆਂ ਗੋਲੀਆਂ ਤੇ ਕੈਪਸੂਲ, ਇਕ ਲੱਖ ਰੁਪਏ ਨਕਦੀ ਤੇ 24 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤੇ ਗਏ ਹਨ। ਐੱਸਐੱਸਪੀ ਨੇ ਦੱਸਿਆ ਕਿ ਨਸ਼ਾ ਸਮੱਗਲਿੰਗ ਕਰਨ ਵਾਲਿਆਂ ਖ਼ਿਲਾਫ਼ ਛੇੜੀ ਮੁਹਿੰਮ ਇਸੇ ਤਰ੍ਹਾਂ ਜਾਰੀ ਰੱਖੀ ਜਾਵੇਗੀ।

ਥਾਣਾ ਮਾਡਲ ਟਾਊਨ ਪੁਲਿਸ ਨੇ 50 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕੀਤੇ ਦੋ ਕਾਬੂ

ਥਾਣਾ ਮਾਡਲ ਟਾਊਨ ਦੇ ਇੰਸਪੈਕਟਰ ਐੱਸਐੱਚਓ ਕਰਨੈਲ ਸਿੰਘ ਨੇ ਦੱਸਿਆ ਕਿ ਪੁਰਹੀਰਾਂ ਚੌਂਕੀ ਇੰਚਾਰਜ ਐੱਸਆਈ ਸੁਖਦੇਵ ਸਿੰਘ ਪੁਲਿਸ ਮੁਲਾਜ਼ਮਾਂ ਨਾਲ ਗਸ਼ਤ ਦੌਰਾਨ ਇੰਮਪਰੂਵਮੈਂਟ ਟਰੱਸਟ ਰਹੀਮਪੁਰ ਤੋਂ ਦੋ ਵੱਖ-ਵੱਖ ਸਕੂਟੀ ਸਵਾਰ ਨੌਜਵਾਨਾਂ ਨੂੰ ਸ਼ੱਕ ਦੇ ਅਧਾਰ 'ਤੇ ਕਾਬੂ ਕੀਤਾ ਗਿਆ, ਜਿਨ੍ਹਾਂ ਦੀ ਪਛਾਣ ਅਭਿਸ਼ੇਕ ਭੱਟੀ ਅਭੀ ਪੁੱਤਰ ਅਸ਼ੋਕ ਕੁਮਾਰ ਵਾਸੀ ਮੁਹੱਲਾ ਭਗਤ ਨਹਰ ਅਤੇ ਮੋਹਿਤ ਬੋਈ ਪੁੱਤਰ ਰਾਕੇਸ਼ ਕੁਮਾਰ ਵਾਸੀ ਮੁਹੱਲਾ ਰਿਸ਼ੀ ਨਗਰ ਵਜੋਂ ਹੋਈ ਹੈ। ਕਰਨੈਲ ਸਿੰਘ ਨੇ ਦੱਸਿਆ ਕਿ ਉਕਤ ਦੋਵਾਂ ਨੌਜਵਾਨਾਂ ਦੀ ਤਲਾਸ਼ੀ ਦੌਰਾਨ ਉਨ੍ਹਾਂ ਕੋਲੋ 50 ਗ੍ਰਾਮ ਨਸ਼ੀਲਾ ਪਾਊਡਰ ਤੇ ਇਕ ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਅਭਿਸ਼ੇਕ ਭੱਟੀ ਕੋਲੋ 40 ਤੇ ਮੋਹਿਤ ਕੋਲੋ 10 ਗ੍ਰਾਮ ਤੇ ਇਕ ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ। ਐੱਸਐੱਚਓ ਕਰਨੈਲ ਸਿੰਘ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਮੁਖ ਸਮੱਗਲਰ ਵੱਟਸਐਪ ਨੇ ਗੱਲਬਾਤ ਹੁੰਦੀ ਸੀ, ਜਿਸਦੀ ਸਪਲਾਈ ਵੀ ਵਟਸਐੱਪ 'ਤੇ ਲੋਕੇਸ਼ਨ ਦਸ ਕੇ ਲਈ ਜਾਂਦੀ ਸੀ। ਉਨ੍ਹਾਂ ਦੱਸਿਆ ਉਕਤ ਮੁਲਜ਼ਮਾਂ ਵੱਲੋਂ ਦੱਸੇ ਮੋਬਾਈਲ ਫੋਨਾਂ ਦੇ ਨੰਬਰ ਦੀ ਜਾਂਚ ਕੀਤਾ ਜਾ ਰਹੀ ਹੈ।

ਸਦਰ ਪੁਲਿਸ ਨੇ 150 ਗੋਲੀਆਂ ਸਮੇਤ ਕੀਤੇ ਇਕ ਗਿ੍ਫ਼ਤਾਰ

ਥਾਣਾ ਸਦਰ ਦੇ ਏਐੱਸਆਈ ਸੁਖਵਿੰਦਰ ਸਿੰਘ ਤੇ ਹੋਰ ਮੁਲਾਜ਼ਮਾਂ ਨੇ ਗਸ਼ਤ ਦੌਰਾਨ ਬਜਵਾੜਾ ਤੋਂ ਸ਼ਾਂਤੀ ਨਗਰ ਬਜਵਾੜਾ ਕਲਾਂ ਨੂੰ ਜਾ ਰਹੇ ਸਨ। ਇਸ ਦੌਰਾਨ ਇਕ ਵਿਅਕਤੀ ਹੱਥ ਵਿਚ ਲਿਫ਼ਾਫ਼ਾ ਫੜੀ ਆਉਂਦਾ ਦਿਖਾਈ ਦਿੱਤਾ, ਜਿਸ ਨੂੰ ਸ਼ੱਕ ਦੇ ਅਧਾਰ 'ਤੇ ਕਾਬੂ ਕੀਤਾ। ਇਸ ਦੌਰਾਨ ਉਸ ਨੇ ਆਪਣੀ ਪਛਾਣ ਮਨਜੀਤ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਛੋਟਾ ਬਜਵਾੜਾ ਵਜੋਂ ਹੋਈ। ਜਦੋਂ ਉਸ ਵੱਲੋਂ ਫੜੇ ਲਿਫਾਫੇ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋ 150 ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।

30 ਗ੍ਰਾਮ ਚਰਸ ਸਮੇਤ ਹਨੀ ਕੁਮਾਰ ਕਾਬੂ

ਥਾਣਾ ਸਿਟੀ ਦੀ ਪੁਲਿਸ ਨੇ 30 ਗ੍ਰਾਮ ਚਰਸ ਸਮੇਤ ਹਨੀ ਕੁਮਾਰ ਸੰਨੀ ਪੁੱਤਰ ਪਵਨ ਕੁਮਾਰ ਵਾਸੀ ਮੁਹੱਲਾ ਵਾਲਮੀਕਿ ਘੰਟਾ ਘਰ ਨੂੰ ਕਾਬੂ ਕਰਕੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਇੰਸਪੈਕਟਰ ਰਮਨਦੀਪ ਕੁਮਾਰ ਪੁਲਿਸ ਮੁਲਾਜ਼ਮਾਂ ਨਾਲ ਖੁੱਲਰ ਚੌਕ ਮੌਜੂਦ ਸੀ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਵਿਅਕਤੀ ਨੂੰ ਮੁਹੱਲਾ ਵਾਲਮੀਕਿ ਛੱਡੀ ਗਲੀ ਵਿਚ ਚਰਸ ਵੇਚ ਰਿਹਾ। ਪੁਲਿਸ ਨੇ ਸੂਚਨਾ ਮਿਲਦੇ ਹੀ ਉਕਤ ਜਗ੍ਹਾ 'ਤੇ ਰੈਡ ਕਰਕੇ ਮੁਲਜ਼ਮ ਹਨੀ ਕੁਮਾਰ ਨੂੰ ਮੌਕੇ 'ਤੇ ਗਿ੍ਫ਼ਤਾਰ ਕਰ ਲਿਆ ਜਿਸ ਕੋਲੋ 30 ਗ੍ਰਾਮ ਚਰਸ ਬਰਾਮਦ ਕੀਤੀ ਗਈ।

20 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇਕ ਕਾਬੂ

ਬੁੱਲ੍ਹੋਵਾਲ ਪੁਲਿਸ ਨੇ ਚੈਕਿੰਗ ਦੌਰਾਨ ਮੁਲਜ਼ਮ ਸੂਰਜ ਪਾਲ ਰਾਜੂ ਵਾਸੀ ਖਡਿਆਲਾ ਸੈਣੀ ਨੂੰ ਗਿ੍ਫਤਾਰ ਕਰਕੇ ਉਸ ਕੋਲੋ 20 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਇਸ ਮਾਮਲੇ ਦੀ ਤਫਤੀਸ਼ ਐੱਸਆਈ ਮਨਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।

ਗੜ੍ਹਸ਼ੰਕਰ ਵਿਖੇ 170 ਕੈਪਸੂਲਾਂ ਸਮੇਤ ਗੌਰਵ ਗਿ੍ਫ਼ਤਾਰ

ਗੜ੍ਹਸ਼ੰਕਰ ਥਾਣੇ ਦੇ ਐੱਸਆਈ ਸਤਵਿੰਦਰ ਸਿੰਘ ਨੇ ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਡੱਲੇਵਾਲ ਨਜ਼ਦੀਕ ਇਕ ਵਿਅਕਤੀ ਨੂੰ 170 ਕੈਪਸੂਲਾਂ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਗੌਰਵ ਪੁੱਤਰ ਪਰਮਜੀਤ ਵਾਸੀ ਦੇਨੋਵਾਲ ਖੁਰਦ ਥਾਣਾ ਗੜ੍ਹਸ਼ੰਕਰ ਵਜੋਂ ਹੋਈ ਹੈ।

24 ਬੋਤਲਾਂ ਸਮੇਤ ਇਕ ਗਿ੍ਫ਼ਤਾਰ

ਥਾਣਾ ਮਾਡਲ ਟਾਊਨ ਦੇ ਚੋਂਕੀ ਇੰਚਾਰਜ ਪੁਰਗੀਰਾਂ ਦੇ ਏਐੱਸਆਈ ਸੁਖਦੇਵ ਸਿੰਘ ਨੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ 24 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਕਰਨ ਜੁਨੇਜਾ ਪੁੱਤਰ ਸੁਨੀਲ ਕੁਮਾਰ ਵਾਸੀ ਕੀਰਤੀ ਨਗਰ ਵਜੋਂ ਹੋਈ ਹੈ।

48 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇਕ ਪੁਲਿਸ ਅੜਿੱਕੇ

ਥਾਣਾ ਗੜ੍ਹਦੀਵਾਲਾ ਦੇ ਏਐੱਸਆਈ ਦਰਸਨ ਸਿੰਘ ਨੇ ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਕਾਲਰਾ ਮੋੜ ਨਜ਼ਦੀਕ ਇਕ ਵਿਅਕਤੀ ਨੂੰ 48 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਕਾਲਰਾ ਮੋੜ ਨਜ਼ਦੀਕ ਮੌਜੂਦ ਸੀ। ਇਸ ਦੌਰਾਨ ਸਾਹਮਣੇ ਬਾਗ ਵਾਲੇ ਪਾਸਿਓ ਰਜਿੰਦਰ ਕਮਾਰ ਰਾਜਾ ਪੁੱਤਰ ਪਿ੍ਰੰਥੀ ਪਾਲ ਵਾਲੀ ਪਟਿਆਲਾ ਰੋਡ ਜ਼ਿਲ੍ਹਾ ਸੰਗਰੂਰ ਹਾਲ ਵਾਲੀ ਫਤਹਿਪੁਰ ਥਾਣਾ ਗੜ੍ਹਦੀਵਾਲ ਆਉਂਦਾ ਦਿਖਾਈ ਦਿੱਤਾ, ਜਿਸ ਨੇ ਹੱਥ ਵਿਚ ਫੜਿਆ ਇਕ ਮੋਮੀ ਲਿਫ਼ਾਫ਼ਾ ਪੁਲਿਸ ਨੂੰ ਦੇਖ ਕੇ ਝਾੜੀਆਂ ਵਿਚ ਸੁੱਟ ਦਿੱਤਾ, ਜਦੋਂ ਪੁਲਿਸ ਨੇ ਉਕਤ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 48 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ।

20 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇਕ ਗਿ੍ਫ਼ਤਾਰ

ਮੁਕੇਰੀਆਂ ਪੁਲਿਸ ਨੇ 20 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਹੇਮਤ ਉਰਫ ਹੇਮੂੰ ਪੁੱਤਰ ਸੰਜੀਵ ਕੁਮਾਰ ਵਾਸੀ ਨਹਿਰ ਕਾਲੋਨੀ ਮੁਕੇਰੀਆਂ ਵਜੋਂ ਹੋਈ ਹੈ।

ਪੁਲਿਸ ਨੇ 65 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਦੋ ਕਾਬੂ

ਥਾਣਾ ਤਲਵਾੜਾ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ 'ਚ 65 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਇਸ ਮੌਕੇ ਮਿਲੀ ਜਾਣਕਾਰੀ ਅਨੁਸਾਰ ਏਐੱਸਆਈ ਹਰਜੀਤ ਸਿੰਘ ਪੁਲਿਸ ਪਾਰਟੀ ਨਾਲ ਚੈਕਿੰਗ ਦੇ ਸਬੰਧ ਵਿਚ ਸੈਕਟਰ ਨੰਬਰ 2 ਲਕਛਮੀ ਨਰਾਇਣ ਮੰਦਰ ਚੌਕ ਮੌਜੂਦ ਸੀ। ਇਸ ਦੌਰਾਨ ਸਰਵ ਹਿੱਤਕਾਰੀ ਸਕੂਲ ਵੱਲੋਂ ਇਕ ਨੌਜਵਾਨ ਆਉਂਦਾ ਦਿਖਾਈ ਦਿੱਤਾ, ਜੋ ਪੁਲਿਸ ਮੁਲਾਜ਼ਮਾਂ ਨੂੰ ਦੇਖ ਦੇ ਭੱਜਣ ਲੱਗਾ ਤਾਂ ਉਸ ਨੂੰ ਸ਼ੱਕ ਦੇ ਅਧਾਰ 'ਤੇ ਕਾਬੂ ਕੀਤਾ ਗਿਆ, ਜਿਸ ਦੀ ਪਛਾਣ ਵਿਕਾਸ਼ ਸ਼ਰਮਾ ਪੁੱਤਰ ਬਲਵਾਨ ਰਾਮ ਵਾਸੀ ਤਲਵਾੜਾ ਵਜੋਂ ਹੋਈ, ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋ 30 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ।

ਇਸੇ ਤਰ੍ਹਾਂ ਦੂਸਰੇ ਮਾਮਲੇ ਵਿਚ ਐੱਸਆਈ ਧਰਮਿੰਦਰ ਸਿੰਘ ਮੁਲਾਜ਼ਮਾਂ ਨਾਲ ਬੀਬੀਐੱਮਬੀ ਹਸਪਤਾਲ ਤਲਵਾੜਾ ਨਜ਼ਦੀਕ ਮੌਜੂਦ ਸਨ। ਇਸ ਦੌਰਾਨ ਰਾਮ ਪੁੱਤਰ ਓਮ ਪ੍ਰਕਾਸ਼ ਵਾਸੀ ਤਲਵਾੜਾ ਨੂੰ ਸ਼ੱਕ ਦੇ ਅਧਾਰ 'ਤੇ ਕਾਬੂ ਕੀਤਾ ਗਿਆ। ਇਸ ਦੌਰਾਨ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋ 35 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ। ਪੁਲਿਸ ਨੇ ਕਾਬੂ ਵੱਖ-ਵੱਖ ਥਾਵਾਂ ਤੋਂ ਕਾਬੂ ਕੀਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।