ਸੁਖਦੇਵ ਸਿੰਘ, ਬਟਾਲਾ : ਪਿੰਡ ਖੁਜਾਲਾ ਵਿਚ ਨੌਜਵਾਨ ਨੇ ਭੇਤਭਰੇ ਹਾਲਾਤ ਵਿਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਮਿ੍ਤਕ ਦੀ ਪਛਾਣ ਮਨੋਹਰ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਧਾਰੀਵਾਲ ਸੋਹੀਆਂ ਵਜੋਂ ਹੋਈ ਹੈ। ਪੁਲਿਸ ਚੌਕੀ ਊਦਨਵਾਲ ਥਾਣਾ ਘੁਮਾਣ ਦੀ ਪੁਲਿਸ ਨੂੰ ਦਰਜ ਕਰਵਾਈ ਰਿਪੋਰਟ ਵਿਚ ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਮਨੋਹਰ ਸਿੰਘ ਕੁਝ ਸਮੇਂ ਤੋਂ ਪਿੰਡ ਖੁਜਾਲਾ ਵਿਚ ਆਪਣੇ ਦੋਸਤ ਗੁਰਪ੍ਰੀਤ ਸਿੰਘ ਦੇ ਕੋਲ ਰਹਿ ਰਿਹਾ ਸੀ।

ਬੀਤੀ ਦੇਰ ਰਾਤ ਉਨ੍ਹਾਂ ਨੂੰ ਗੁਰਪ੍ਰੀਤ ਸਿੰਘ ਦੀ ਪਤਨੀ ਦਾ ਫੋਨ ਆਇਆ ਕਿ ਮਨੋਹਰ ਸਿੰਘ ਨੇ ਖ਼ੁਦ 'ਤੇ ਗੋਲੀ ਚਲਾ ਕੇ ਖ਼ੁਦਕੁਸ਼ੀ ਕਰ ਲਈ ਹੈ। ਗੁਰਜੰਟ ਸਿੰਘ ਮੁਤਾਬਕ ਉਨ੍ਹਾਂ ਦੇ ਭਰਾ ਦੇ ਕੋਲ ਗੁਰਮੁਖ ਸਿੰਘ ਵਾਸੀ ਪੰਜਗਰਾਈਆਂ ਦੀ ਪਿਸਤੌਲ ਮੁਰੰਮਤ ਕਰਵਾਉਣ ਵਾਸਤੇ ਆਈ ਹੋਈ ਸੀ। ਗੁਰਮੁਖ ਵੱਲੋਂ ਪਿਸਤੌਲ ਵਾਪਸ ਨਾ ਲੈਣ ਕਾਰਨ ਭਰਾ ਪਰੇਸ਼ਾਨ ਰਹਿੰਦਾ ਸੀ। ਪੁਲਿਸ ਚੌਕੀ ਊਧਨਵਾਲ ਥਾਣਾ ਘੁਮਾਣ ਵਿਚ ਗੁਰਮੁਖ ਸਿੰਘ, ਅੰਮਿ੍ਤ ਸਿੰਘ ਤੇ 5 ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਘੁਮਾਣ ਦੀ ਪੁਲਿਸ ਨੇ ਦੇਹ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਹੈ।

ਥਾਣਾ ਘੁਮਾਣ ਦੇ ਐੱਸਐੱਚਓ ਤਰਸੇਮ ਸਿੰਘ ਨੇ ਦੱਸਿਆ ਹੈ ਕਿ ਫਿਲਹਾਲ ਮਿ੍ਤਕ ਦੇ ਭਰਾ ਗੁਰਜੰਟ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਕੇਸ ਦਰਜ ਕਰ ਦਿੱਤਾ ਹੈ। ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਆਖ਼ਰ ਕਿਹੜੇ ਕਾਰਨਾਂ ਕਰ ਕੇ ਪੀੜਤ ਨੇ ਇਹ ਕਦਮ ਚੁੱਕਿਆ ਹੈ।