ਪਵਨ ਤੇ੍ਹਨ, ਬਟਾਲਾ: ਸ਼ਹਿਰ ਦੀ 93 ਸਾਲ ਦੀ ਹਿੰਮਤੀ ਔਰਤ ਪੂਰੇ ਜੋਸ਼ ਨਾਲ ਔਰਤਾਂ ਦੇ ਹੱਕਾਂ ਲਈ ਲੜ ਰਹੀ ਹੈ ਤੇ ਉਸਦੇ ਯਤਨਾ ਦੇ ਸਦਕਾ ਬਟਾਲਾ ਸ਼ਹਿਰ ਤੇ ਆਸ-ਪਾਸ ਦੇ ਪਿੰਡਾਂ ਦੀਆਂ ਹਜ਼ਾਰਾਂ ਔਰਤਾਂ ਆਰਥਕ ਅਜ਼ਾਦੀ ਹਾਸਲ ਕਰ ਕੇ ਆਪਣੇ ਪੈਰਾਂ ਸਿਰ ਖੜ੍ਹੀਆਂ ਹੋ ਸਕੀਆਂ ਹਨ। ਸਾਦਾ ਜ਼ਿੰਦਗੀ ਤੇ ਉੱਚੀ ਸੋਚ ਦੀ ਧਾਰਨੀ ਪ੍ਰਕਾਸ਼ ਕੌਰ ਨਾਰੂ ਨੇ ਇਸਤਰੀ ਸਸ਼ਕਤੀਕਰਨ ਲਈ ਅਜਿਹਾ ਮਿਸਾਲੀ ਕੰਮ ਕੀਤਾ ਹੈ ਕਿ ਹਜ਼ਾਰਾਂ ਔਰਤਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਹੈ।

7 ਨਵੰਬਰ 1927 ਵਿਚ ਟਾਟਾ ਨਗਰ ਵਿਚ ਜਨਮੀ ਪ੍ਰਕਾਸ਼ ਕੌਰ ਨਾਰੂ ਪੋਸਟ ਗਰੈਜੂਏਟ ਹਨ। ਉਨ੍ਹਾਂ ਦਾ ਵਿਆਹ ਬਟਾਲਾ ਨਿਵਾਸੀ ਫ਼ੌਜੀ ਅਫ਼ਸਰ ਅਵਤਾਰ ਸਿੰਘ ਨਾਰੂ ਨਾਲ ਹੋਇਆ ਸੀ। ਸਾਲ 1971 ਵਿਚ ਉਸ ਨੇ ਬਟਾਲਾ ਵਿਚ ਆਲ ਇੰਡੀਆ ਵੂਮੈਨ ਕਾਨਫਰੰਸ ਦੀ ਬਰਾਂਚ ਖੋਲ੍ਹ ਕੇ ਔਰਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕੰਮ ਸ਼ੁਰੂ ਕਰ ਦਿੱਤਾ।

ਉਨ੍ਹਾਂ ਨੇ ਬਟਾਲਾ ਸ਼ਹਿਰ ਤੇ ਆਸ-ਪਾਸ ਦੇ ਪਿੰਡਾਂ ਦੀਆਂ ਔਰਤਾਂ ਨੂੰ ਲਾਮਬੰਦ ਕਰ ਕੇ ਹੱਕਾਂ ਬਾਰੇ ਜਾਗਰੂਕ ਕੀਤਾ ਤੇ ਹੁਨਰਾਂ ਦੀ ਸਿਖਲਾਈ ਦੇ ਕੇ ਆਰਥਕ ਅਜ਼ਾਦੀ ਦਿਵਾਉਣ ਲਈ ਯਤਨ ਕੀਤੇ ਜੋ ਅੱਜ ਵੀ ਜਾਰੀ ਹਨ। ਉਨ੍ਹਾਂ ਨੇ 16 ਜੂਨ 1971 ਨੂੰ ਬਟਾਲਾ ਵਿਚ ਵੂਮੈਨ ਕਾਨਫਰੰਸ ਦੀ ਸ਼ੁਰੂਆਤ ਕੀਤੀ ਸੀ।

ਸੰਗਠਨ ਨੇ ਜਿੱਥੇ ਬਹੁਤ ਸਾਰੇ ਘਰੇਲੂ ਝਗੜਿਆਂ ਨੂੰ ਹੱਲ ਕਰ ਕੇ ਔਰਤਾਂ ਦੇ ਘਰ ਵਸਾਏ ਉਥੇ ਸਿਲਾਈ ਕਢਾਈ, ਕਟਿੰਗ, ਟੇਲਰਿੰਗ, ਫਾਈਨ ਆਰਟਸ, ਬਿਊਟੀ ਪਾਰਲਰ ਤੇ ਕੰਪਿਊਟਰ ਦੀ ਪੜ੍ਹਾਈ ਕਰਵਾਈ ਹੈ।

ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੀ ਹਜ਼ਾਰਾਂ ਲੜਕੀਆਂ ਇੱਥੋਂ ਕੋਰਸ ਕਰ ਕੇ ਪੂਰੀ ਕਾਮਯਾਬੀ ਨਾਲ ਆਪਣੇ ਕੰਮ ਚਲਾ ਰਹੀਆਂ ਹਨ। ਪ੍ਰਕਾਸ਼ ਕੌਰ ਦੀ ਅਗਵਾਈ ਹੇਠ ਪਿਛਲੇ 49 ਸਾਲਾਂ ਤੋਂ ਬਟਾਲਾ ਦੀ ਵੂਮੈਨ ਕਾਨਫਰੰਸ ਦਾ ਔਰਤਾਂ ਦੀ ਭਲਾਈ ਵਿਚ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਕੋਲੋਂ ਖ਼ਰਚ ਕਰ ਕੇ ਬਹੁਤ ਸਾਰੀਆਂ ਲੜਕੀਆਂ ਨੂੰ ਉਚ-ਤਾਲੀਮ ਦਿੱਤੀ ਹੈ ਤੇ ਇਹ ਕੁੜੀਆਂ ਕਾਮਯਾਬ ਜ਼ਿੰਦਗੀ ਬਤੀਤ ਕਰ ਰਹੀਆਂ ਹਨ। ਉਹ ਇਸ ਸਮੇਂ ਭਾਰਤ ਵਿੱਚ ਵੂਮੈਨ ਕਾਨਫਰੰਸ ਦੀਆਂ ਸਾਰੀਆਂ ਇਕਾਈਆਂ ਦੀਆਂ ਮੈਂਬਰਾਂ ਵਿੱਚੋਂ ਸਭ ਤੋਂ ਵੱਡੀ ਉਮਰ ਦੇ ਹਨ ਤੇ ਪੂਰੀ ਸ਼ਿਦਤ ਨਾਲ ਸਮਾਜ ਸੇਵਾ ਵਿਚ ਲੱਗੇ ਹੋਏ ਹਨ।