ਸੁਰਿੰਦਰ ਮਹਾਜਨ, ਪਠਾਨਕੋਟ : ਪ੍ਰਦੇਸ਼ ਭਾਜਪਾ ਦੀ ਇਕਾਈ ਦਾ ਵਿਸਤਾਰ ਹੋਣ ਦਾ ਐਲਾਨ ਕਰਨ ਦੇ ਬਾਅਦ ਕੋਵਿਡ-19 ਕਾਰਨ ਦੇਸ਼ ਵਿਆਪੀ ਲਾਕਡਾਊਨ ਤੋਂ ਬਾਅਦ ਪਹਿਲੀ ਵਾਰ ਨਿੱਜੀ ਰੂਪ 'ਚ ਆਹਮੋ-ਸਾਹਮਣੇ ਭਾਜਪਾ ਅਹੁਦੇਦਾਰਾਂ ਦੀ ਇਕ ਵਿਸ਼ੇਸ਼ ਮੀਟਿੰਗ ਭਾਜਪਾ ਦਫ਼ਤਰ ਪਠਾਨਕੋਟ ਵਿਖੇ ਹੋਈ। ਇਸ ਮੀਟਿੰਗ ਪ੍ਰਧਾਨਗੀ ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੀਤੀ, ਜਿਸ 'ਚ ਭਾਜਪਾ ਰਾਸ਼ਟਰੀ ਮੀਤ ਪ੍ਰਧਾਨ ਤੇ ਪ੍ਰਦੇਸ਼ ਭਾਜਪਾ ਪ੍ਰਭਾਰੀ ਪ੍ਰਭਾਤ ਝਾਅ ਵਿਸ਼ੇਸ਼ ਤੌਰ 'ਤੇ ਅਹੁਦੇਦਾਰਾਂ ਦੇ ਰੂ-ਬ-ਰੂ ਹੋਣ ਲਈ ਪਹੁੰਚੇ। ਇਸ ਮੌਕੇ ਪ੍ਰਭਾਤ ਝਾਅ ਨੇ ਪ੍ਰਧਾਨ ਮੰਤਰੀ ਮੋਦੀ ਦੇ ਸੱਦੇ 'ਤੇ ਭਾਜਪਾ ਵਰਕਰਾਂ ਵੱਲੋਂ ਕੋਰੋਨਾ ਮਹਾਮਾਰੀ ਦੀ ਚੁਣੌਤੀ ਨੂੰ ਮੌਕੇ 'ਤੇ ਰੂਪ ਵਿਚ ਬਦਲਣ ਲਈ ਅਸ਼ਵਨੀ ਸ਼ਰਮਾ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਰਕਰਾਂ ਨੇ ਕੋਰੋਨਾ ਦੀ ਚੁਣੌਤੀ ਨੂੰ ਦਰਕਿਨਾਰ ਕਰਦੇ ਹੋਏ ਫਰੰਟ ਲਾਈਨ 'ਤੇ ਆ ਕੇ ਸੇਵਾ ਦੇ ਕੰਮ ਕੀਤੇ ਹਨ। ਅਸ਼ਵਨੀ ਸ਼ਰਮਾ ਨੇ ਹਾਜ਼ਰ ਅਹੁਦੇਦਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਡਰ ਨੂੰ ਦਰਕਿਨਾਰ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੇ ਸੱਦੇ 'ਤੇ ਸੂਬੇ ਦੇ ਵਰਕਰਾਂ ਨੇ ਖੁਦ ਨੂੰ ਜਨਤਾ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ। ਸ਼ਰਮਾ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਵਰਕਰਾਂ ਨੇ 6 ਲੱਖ ਰਾਸ਼ਨ ਦੇ ਪੈਕੇਟ ਤੇ 3.75 ਲੱਖ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਿਆ ਹੈ। ਪੰਜਾਬ ਜਨਸੰਵਾਦ ਵਰਚੂਅਲ ਰੈਲੀ ਸਭ ਤੋਂ ਮਹੱਤਵਪੂਰਨ ਰੈਲੀ ਰਹੀ ਹੈ ਤੇ 30 ਲੱਖ ਲੋਕਾਂ ਨੇ ਹੁਣ ਤਕ ਇਸ ਰੈਲੀ ਨੂੰ ਦੇਖਣ ਤੇ ਸੁਣਨ ਲਈ ਪਹੁੰਚ ਕੀਤੀ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਤੇ ਆਪ ਆਗੂਆਂ ਵੱਲੋਂ ਮਿਲ ਕੇ ਕੇਂਦਰ ਸਰਕਾਰ ਦੇ ਕਿਸਾਨਾਂ ਦੇ ਹਿੱਤ 'ਚ ਪਾਸ ਕੀਤੇ ਗਏ ਤਿੰਨ ਆਰਡੀਨੈਂਸਾਂ ਨੂੰ ਲੈ ਕੇ ਜਨਤਾ 'ਚ ਝੂਠ ਤੇ ਡਰ ਫੈਲਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ 22 ਜ਼ਿਲਿ੍ਹਆ 'ਚ ਪ੍ਰਦੇਸ਼ ਭਾਜਪਾ ਆਗੂਆਂ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਜਲਦ ਹੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਪ੍ਰਦੇਸ਼ ਭਾਜਪਾ ਸੰਗਠਨ ਮਹਾਂਮੰਤਰੀ ਦਿਨੇਸ਼ ਕੁਮਾਰ, ਪ੍ਰਦੇਸ਼ ਮਹਾਂਮੰਤਰੀ ਡਾ. ਸੁਭਾਸ਼ ਸ਼ਰਮਾ, ਮਲਵਿੰਦਰ ਸਿੰਘ ਕੰਗ ਸਮੇਤ ਹੋਰ ਭਾਜਪਾ ਆਗੂ ਮੌਜੂਦ ਸਨ।