ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਸ਼ਤਾਬਦੀ ਨਵੰਬਰ ਮਹੀਨੇ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਵਿਖੇ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਮਨਾਉਣ ਸਬੰਧੀ ਤਿਆਰੀਆਂ ਪੂਰੇ ਜ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਖੋਲ੍ਹੇ ਜਾ ਰਹੇ ਲਾਂਘੇ ਸਬੰਧੀ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਆਈਸੀਪੀ ਚੈੱਕ ਪੋਸਟ ਟਰਮੀਨਲ ਦੀਆਂ ਤਿਆਰੀਆਂ ਵੀ ਜੰਗੀ ਪੱਧਰ 'ਤੇ ਜਾਰੀ ਹਨ। ਅਥਾਰਟੀ ਨੇ ਟਰਮੀਨਲ ਦੀ ਛੱਤ ਨੂੰ ਕਵਰ ਕਰਨ ਲਈ ਦੁਬਈ ਤੋਂ ਐਲੂਮੀਨੀਅਮ ਦੀਆਂ ਚਾਦਰਾਂ ਮੰਗਵਾਈਆਂ ਹਨ, ਜੋ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਹੋਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਮੀਨਲ ਦਾ ਨਿਰਮਾਣ ਕਰਵਾ ਰਹੇ ਸ਼ੈਲਿੰਦਰ ਅੰਜਰੀ ਨੇ ਕਿਹਾ ਕਿ ਕਰਤਾਰਪੁਰ ਟਰਮੀਨਲ ਨੂੰ ਇੰਟਰਨੈਸ਼ਨਲ ਏਅਰਪੋਰਟ ਵਰਗੀ ਦਿੱਖ ਦਿੱਤੀ ਜਾ ਰਹੀ ਹੈ। ਟਰਮੀਨਲ ਦੀ ਛੱਤ ਨੂੰ ਕਵਰ ਕਰਨ ਲਈ 16000 ਸਕੇਅਰ ਫੁੱਟ ਐਲੂਮੀਨੀਅਮ ਦੀ ਚਾਦਰ ਖਾਸ ਤੌਰ 'ਤੇ ਦੁਬਈ ਤੋਂ ਮੰਗਵਾਈ ਗਈ ਹੈ। ਇਸ ਚਾਦਰ ਦੀ ਖਾਸੀਅਤ ਇਹ ਹੈ ਕਿ ਇਹ ਚਾਦਰ ਦੂਰ ਤੋਂ ਹੀ ਜਿੱਥੇ ਚਮਕ ਮਾਰੇਗੀ ਉੱਥੇ ਇਹ ਲੰਮਾ ਸਮਾਂ ਖ਼ਰਾਬ ਵੀ ਨਹੀਂ ਹੋਵੇਗੀ। ਅੰਜਰੀ ਨੇ ਦੱਸਿਆ ਕਿ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਉਸਾਰੇ ਜਾ ਰਹੇ ਕਰਤਾਰਪੁਰ ਟਰਮੀਨਲ ਵਿੱਚ ਪੈਸੰਜਰ ਬਲਾਕ, ਚੈੱਕ ਪੋਸਟ, ਗੈਲਰੀ, ਸ਼ਰਧਾਲੂਆਂ ਲਈ ਬੈਠਣ ਦਾ ਪ੍ਰਬੰਧ, ਪਾਰਕਿੰਗ, ਸੁਰੱਖਿਆ ਬਲਾਕ, ਇਲੈਕਟ੍ਰੀਸ਼ਨ ਬਲਾਕ ਆਦਿ ਦਾ ਕੰਮ ਕਰਨ ਤੋਂ ਇਲਾਵਾ ਮਾਰਬਲ ਅਤੇ ਮਿਰਰ ਲਾਉਣ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ 31 ਅਕਤੂਬਰ ਤਕ ਟਰਮੀਨਲ ਦਾ ਨਿਰਮਾਣ ਮੁਕੰਮਲ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਦਰਸ਼ਨ ਸਥਲ ਦਾ ਨਿਰਮਾਣ ਵੀ ਕੀਤਾ ਜਾਵੇਗਾ। ਜਿਸ ਜਗ੍ਹਾ ਸ਼ਰਧਾਲੂ ਦੂਰਬੀਨ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰ ਸਕਣਗੇ। ਇਸ ਤੋਂ ਇਲਾਵਾ ਟਰਮੀਨਲ ਵਿੱਚ 300 ਫੁੱਟ ਉੱਚਾ ਤਿਰੰਗਾ ਲਹਿਰਾਉਣ ਵਾਲੇ ਖੰਭੇ ਦਾ ਨਿਰਮਾਣ ਵੀ ਜੰਗੀ ਪੱਧਰ 'ਤੇ ਚੱਲ ਰਿਹਾ ਹੈ।