ਅੌਰਤ ਨੇ ਆਡੀਓ ਵਾਇਰਲ ਕਰ ਕੇ ਮੰਗੀ ਸੀ ਮਦਦ

ਪਵਨ ਤੇ੍ਹਨ, ਬਟਾਲਾ : ਘਰ ਦੀ ਗ਼ਰੀਬੀ ਦੂਰ ਕਰਨ ਲਈ ਕੁਵੈਤ ਜਾਣਾ ਇਕ ਅੌਰਤ ਨੂੰ ਮਹਿੰਗਾ ਪੈ ਗਿਆ, ਜੋ ਉਥੇ ਜਾ ਕੇ ਇਕ ਸ਼ੇਖ ਕੋਲ ਫੱਸ ਗਈ। ਸੂਚਨਾ ਮਿਲਣ 'ਤੇ ਵਿਦੇਸ਼ ਮੰਤਰੀ ਨੇ ਉਸ ਅੌਰਤ ਦਾ ਪਤਾ ਕਰਵਾ ਕੇ ਉਸ ਨੂੰ ਸ਼ੈਲਟਰ ਹੋਮ ਭਿਜਵਾਇਆ।

ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ੇਖ ਨੇ ਉਕਤ ਅੌਰਤ ਨੂੰ ਘਰ 'ਚ ਕੈਦ ਕਰ ਕੇ ਰੱਖਿਆ ਹੋਇਆ ਸੀ ਤੇ ਘਰ ਦਾ ਕੰਮ ਕਰਵਾਉਂਦਾ ਤੇ ਪਰੇਸ਼ਾਨ ਕਰਦਾ ਸੀ। ਪੀੜਤਾ ਨੇ ਕਿਸੇ ਤਰ੍ਹਾਂ ਇਕ ਆਡੀਓ ਵਾਇਰਲ ਕੀਤੀ। ਜਦੋਂ ਇਸ ਸਬੰਧੀ ਪਤਾ ਲੱਗਾ ਤਾਂ ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਸੀਨੀਅਰ ਅਕਾਲੀ ਆਗੂ ਵਿਨਰਜੀਤ ਸਿੰਘ ਨਾਲ ਗੱਲ ਕੀਤੀ। ਅਕਾਲੀ ਆਗੂ ਨੇ ਵਿਦੇਸ਼ ਮੰਤਰੀ ਨੂੰ ਟਵੀਟ ਕਰ ਕੇ ਮਦਦ ਦੀ ਗੁਹਾਰ ਲਾਈ। ਵਿਦੇਸ਼ ਮੰਤਰੀ ਨੇ ਉਕਤ ਅੌਰਤ ਦੀ ਭਾਲ ਕਰਵਾ ਕੇ ਟਵੀਟ ਕੀਤਾ ਕਿ ਪੀੜਤਾ ਮਿਲ ਗਈ ਹੈ ਤੇ ਉਸ ਨੂੰ ਕੁਵੈਤ ਦੇ ਸ਼ੈਲਟਰ ਹੋਮ ਵਿਖੇ ਭੇਜਿਆ ਗਿਆ ਹੈ। ਉਸ ਨੂੰ ਜਲਦ ਭਾਰਤ ਵਾਪਸ ਲਿਆਂਦਾ ਜਾਵੇਗਾ।