ਰੰਜਨ ਚੌਹਾਨ, ਗੁਰਦਾਸਪੁਰ : 'ਅੰਤਰਰਾਸ਼ਟਰੀ ਮਹਿਲਾ ਦਿਵਸ' ਮਨਾਉਣ ਸਬੰਧੀ ਸਥਾਨਕ ਪੰਚਾਇਤ ਭਵਨ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿਚ ਸਕੱਤਰ ਸਿੰਘ ਬੱਲ ਐਸ.ਡੀ.ਐਮ ਗੁਰਦਾਸਪੁਰ, ਰਮਨ ਕੋਛੜ ਐਸ.ਡੀ.ਐਮ ਦੀਨਾਨਗਰ, ਮੈਡਮ ਸਾਧਨਾ ਸੋਹਲ ਜਿਲਾ ਪ੍ਰਰੋਗਰਾਮ ਅਫਸਰ ਸਮੇਤ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਵਿਸ਼ੇਸ ਤੌਰ ਤੇ ਮੌਜੂਦ ਸਨ।

ਮੀਟਿੰਗ ਦੌਰਾਨ ਐਸਡੀਐਮ ਬੱਲ ਅਤੇ ਕੋਛੜ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ 'ਅੰਤਰਰਾਸ਼ਟਰੀ ਮਹਿਲਾ ਦਿਵਸ' ਸਮਾਗਮ ਮਨਾਇਆ ਜਾਵੇਗਾ। ਦੁਨੀਆਂ ਭਰ ਵਿਚ 8 ਮਾਰਚ ਨੂੰ 'ਅੰਤਰਰਾਸ਼ਟਰੀ ਮਹਿਲਾ ਦਿਵਸ' ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ 7-8 ਮਾਰਚ ਦੀ ਵਿਚਲੀ ਰਾਤ ਨੂੰ ਜ਼ਿਲ੍ਹਾ ਪੱਧਰ 'ਤੇ 'ਅੰਤਰਰਾਸ਼ਟਰੀ ਮਹਿਲਾ ਦਿਵਸ' ਮਨਾਇਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਇਸ ਵਾਰ ਨਿਵੇਕਲੇ ਤਰੀਕੇ ਨਾਲ 7 ਮਾਰਚ 2020 ਨੂੰ ਸ਼ਾਮ 7 ਵਜ੍ਹੇ ਤੋਂ ਸ਼ੁਰੂ ਹੋ ਕੇ ਰਾਤ 1 ਵਜੇ ਤਕ ਇਹ ਦਿਹਾੜਾ ਮਨਾਇਆ ਜਾਵੇਗਾ। ਇਸ ਮੌਕੇ ਵੱਖ-ਵੱਖ ਵਿਭਾਗਾਂ ਵਲੋਂ ਸਟਾਲ, ਸੱਭਿਆਚਾਰਕ ਸਮਾਗਮ ਅਤੇ ਹੋਰ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿਚ ਸਮਾਜ ਵਿਚ ਨਾਮਣਾ ਖੱਟਣ ਵਾਲੀਆਂ ਲੜਕੀਆਂ /ਮਹਿਲਾਵਾਂ ਨੂੰ ਸਮਾਗਮ ਵਿਚ ਸ਼ਾਮਿਲ ਹੋਣ ਸੱਦਾ ਪੱਤਰ ਭੇਜਿਆ ਜਾਵੇਗਾ ਤੇ ਸਨਮਾਨਿਤ ਕੀਤਾ ਜਾਵੇਗਾ।

ਇਸ ਮੌਕੇ ਸਰਵ ਬੁੱਧੀਰਾਜ ਸਿੰਘ ਸਕੱਤਰ ਜ਼ਿਲ੍ਹਾ ਪ੍ਰਰੀਸ਼ਦ, ਡਾ. ਵਿਜੇ ਕੁਮਾਰ ਕਾਰਜਕਾਰੀ ਸਿਵਲ ਸਰਜਨ, ਰਾਜਵਿੰਦਰ ਕੋਰ ਬਾਜਵਾ ਏ.ਈ.ਟੀ.ਸੀ, ਰੋਮੇਸ ਮਹਾਜਨ ਨੈਸ਼ਨਲ ਐਵਾਰਡੀ, ਵਰਿੰਦਰ ਸਿੰਘ ਤੇ ਬਿਕਰਮਜੀਤ ਸਿੰਘ ਸੀ.ਡੀ.ਪੀ.ਓ ਕ੍ਰਮਵਾਰ ਬਟਾਲਾ ਤੇ ਦੋਰਾਂਗਲਾ, ਨਿਰਮਲ ਸਿੰਘ ਐਸ.ਡੀ.ਓ ਪੀ.ਡਬਲਿਊ.ਡੀ, ਐਸ.ਐਮ.ਓ ਭਾਗੋਵਾਲੀਆ, ਡਾ. ਹਰਚਰਨ ਸਿੰਘ ਜਿਲਾ ਭੂਮੀ ਰੱਖਿਆ ਅਫਸਰ, ਅਮਰਪਾਲ ਸਿੰਘ ਜਿਲ੍ਹਾ ਇੰਚਾਰਜ ਸੈਲਫ ਹੈਲਪ ਗਰੁੱਪ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।