ਕੁਲਦੀਪ ਸਲਗਾਨੀਆ, ਕਿਲ੍ਹਾ ਲਾਲ ਸਿੰਘ : ਬੀਤੀ ਰਾਤ ਅੱਠ ਵਜੇ ਕਿਲ੍ਹਾ ਲਾਲ ਸਿੰਘ ਵਿਖੇ ਸ੍ਰੀ ਗੁਰੂ ਅਰਜੁਨ ਦੇਵ ਕਾਲੋਨੀ ਵਿਚ ਇਕ ਔਰਤ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਸਬੰਧੀ ਥਾਣਾ ਕਿਲ੍ਹਾ ਲਾਲ ਸਿੰਘ ਮੁਖੀ ਰੋਬਨ ਹੰਸ ਨੇ ਦੱਸਿਆ ਕਿ ਸਤਿੰਦਰ ਕੌਰ (28) ਪਤਨੀ ਅਨੋਖ ਸਿੰਘ ਵਾਸੀ ਕਿਲ੍ਹਾ ਲਾਲ ਸਿੰਘ ਵੱਲੋਂ ਦਿਮਾਗੀ ਪਰੇਸ਼ਾਨੀ ਕਾਰਨ ਆਪਣੇ ਘਰ ਵਿਚ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ।

ਮਿ੍ਤਕਾ ਦਾ ਭਰਾ ਬਲਵਿੰਦਰ ਸਿੰਘ ਤੇ ਉਸਦੀ ਪਤਨੀ ਵਾਸੀ ਸਰਵਾਲੀ ਸ਼ਾਮ ਕਰੀਬ ਅੱਠ ਵਜੇ ਆਪਣੀ ਭੈਣ ਨੂੰ ਮਿਲਣ ਆਏ ਸਨ। ਜਦ ਉਸ ਨੇ ਘਰ ਦਾ ਦਰਵਾਜ਼ਾ ਵਾਰ-ਵਾਰ ਖੜਕਾਇਆ ਪਰ ਅੰਦਰੋਂ ਕੋਈ ਆਵਾਜ਼ ਨਹੀਂ ਆਈ ਜਿਸ ਕਰਕੇ ਉਹ ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਇਆ ਤੇ ਉਸ ਨੇ ਦੇਖਿਆ ਕਿ ਉਸ ਦੀ ਭੈਣ ਪੱਖੇ ਨਾਲ ਲਟਕ ਰਹੀ ਸੀ। ਉਸ ਨੇ ਤੁਰੰਤ ਪੁਲਿਸ ਨੂੰ ਖ਼ਬਰ ਦਿੱਤੀ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਹਸਪਤਾਲ ਭੇਜ ਦਿੱਤਾ ਹੈ ਜਿੱਥੇ ਮਿ੍ਤਕਾ ਦਾ ਪੋਸਟਮਾਟਮ ਕਰਵਾ ਲਾਸ਼ ਵਾਰਸਾ ਹਵਾਲੇ ਕਰ ਦਿੱਤੀ ਗਈ।

ਮਿ੍ਤਕਾ ਦੇ ਭਰਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਪਿਛਲੇ ਕੁਝ ਸਮੇਂ ਤੋਂ ਦਿਮਾਗੀ ਤੌਰ 'ਤੇ ਪਰੇਸ਼ਾਨ ਸੀ। ਪੁਲਿਸ ਨੇ ਬਲਵਿੰਦਰ ਸਿੰਘ ਦੇ ਬਿਆਨ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤੀ ਹੈ। ਮਿ੍ਤਕਾ ਆਪਣੇ ਪਿੱਛੇ ਇਕ 10 ਸਾਲ ਦਾ ਬੱਚਾ ਛੱਡ ਗਈ।