ਕੁਲਦੀਪ ਜਾਫਲਪੁਰ, ਕਾਹਨੂੰਵਾਨ : ਬਲਾਕ ਕਾਨੂੰਨ ਅਧੀਨ ਪੈਂਦੇ ਪਿੰਡ ਗੁਨੋਪੁਰ 'ਚ ਅੱਜ ਸਵੇਰ ਦੇ ਸਮੇਂ ਉਸ ਵੇਲੇ ਭਾਰੀ ਦਹਿਸ਼ਤ ਫੈਲ ਗਈ ਜਦੋਂ ਖੇਤਾਂ 'ਚ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਨੇ ਇੱਕ ਤੇਂਦੁਏ ਵਰਗੇ ਜੀਵ ਤੇ ਉਸ ਦੇ 4 ਬੱਚਿਆਂ ਨੂੰ ਦੇਖਦੇ ਸਾਰ ਹੀ ਰੌਲਾ ਪਾ ਦਿੱਤਾ। ਜਿਸ ਤੋਂ ਬਾਅਦ ਪਿੰਡ ਗੁਨੋਪੁਰ ਦੇ ਲੋਕ ਮੌਕੇ 'ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਉਸ ਜੰਗਲੀ ਜਾਨਵਰ ਦੇ ਇੱਕ ਛੋਟੇ ਜਿਹੇ ਬੱਚੇ ਨੂੰ ਵੀ ਆਪਣੇ ਕਬਜੇ 'ਚ ਲਿਆ ਹੋਇਆ ਸੀ। ਇਸ ਦੀ ਘਟਨਾ ਉਨ੍ਹਾਂ ਨੇ ਥਾਣਾ ਭੈਣੀ ਮੀਆਂ ਖਾਂ ਦੀ ਪੁਲਿਸ ਵੱਲੋਂ ਐੱਸਐੱਚਓ ਸੁਰਿੰਦਰਪਾਲ ਸਿੰਘ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਗੁਰਦਾਸਪੁਰ ਦੇ ਅਧਿਕਾਰੀਆਂ ਨੂੰ ਦਿੱਤੀ।

ਮੌਕੇ 'ਤੇ ਪੁੱਜੀ ਪੁਲਿਸ ਤੇ ਜੰਗਲੀ ਜੀਵ ਸੁਰੱਖਿਆ ਅਧਿਕਾਰੀਆਂ ਅੰਮ੍ਰਿਤ ਲੀਨ ਤੇ ਅਮਰਬੀਰ ਸਿੰਘ ਨੇ ਦੱਸਿਆ ਕਿ ਇਹ ਬੱਚਾ ਤੇਂਦੂਏ ਦਾ ਨਹੀਂ ਹੈ। ਇਹ ਜੰਗਲੀ ਬਿੱਲੀਆਂ ਦੀ ਨਸਲ ਦਾ ਇੱਕ ਜੀਵ ਹੈ ਜੋ ਕਿ ਆਮ ਲੋਕਾਂ ਤੇ ਕੰਮ ਕਰਨ ਵਾਲਿਆਂ ਲਈ ਖ਼ਤਰਾ ਨਹੀਂ ਹਨ। ਇਸ ਉਪਰੰਤ ਉਨ੍ਹਾਂ ਨੇ ਉਸ ਜੰਗਲੀ ਜੀਵ ਦੇ ਛੋਟੇ ਜਿਹੇ ਬੱਚੇ ਨੂੰ ਵੀ ਨੇੜਲੇ ਖੇਤਾਂ 'ਚ ਰੱਖ ਦਿੱਤਾ। ਇਸ ਮੌਕੇ ਪਿੰਡ ਦੇ ਮੋਹਤਬਰ ਬਲਵਿੰਦਰ ਸਿੰਘ, ਤਲਵਿੰਦਰ ਸਿੰਘ, ਗੁਰਮੁਖ ਸਿੰਘ ਵਜ਼ੀਰ ਆਦਿ ਦਾ ਕਹਿਣਾ ਹੈ ਕਿ ਪ੍ਰਵਾਸੀ ਮਜ਼ਦੂਰਾਂ ਵੱਲੋਂ ਤੇਂਦੂਏ ਦੀ ਅਫ਼ਵਾਹ ਫੈਲਾਉਣ ਕਾਰਨ ਪਿੰਡ ਵਾਸੀਆਂ ਤੇ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ।

Posted By: Amita Verma