ਆਕਾਸ਼, ਗੁਰਦਾਸਪੁਰ: ਵਿਜੀਲੈਂਸ ਵਿਭਾਗ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਡਿਪਟੀ ਡੀਈਓ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗੋਵਾਲ ਦੇ ਪ੍ਰਿੰਸੀਪਲ ਰਾਕੇਸ਼ ਗੁਪਤਾ ਦੇ ਮਾਮਲੇ ਵਿਚ ਨਵਾਂ ਮੋਡ਼ ਆ ਗਿਆ ਹੈ। ਵਿਜੀਲੈਂਸ ਨੇ ਇਸ ਮਾਮਲੇ ਵਿਚ ਜ਼ਿਲ੍ਹਾ ਗੁਰਦਾਸਪੁਰ ਦੇ 15 ਹੋਰ ਅਧਿਆਪਕਾਂ ਨੂੰ ਪੁੱਛਗਿੱਛ ਲਈ ਵਿਜੀਲੈਂਸ ਦੇ ਆਰਥਿਕ ਅਪਰਾਧ ਸ਼ਾਖਾ ਦੇ ਦਫ਼ਤਰ ਲੁਧਿਆਣਾ ਵਿਚ ਹਾਜ਼ਰ ਹੋਣ ਲਈ ਪੱਤਰ ਜਾਰੀ ਕੀਤੇ ਹਨ। ਇਹ ਸਾਰੇ ਵੱਖ-ਵੱਖ ਵਿਸ਼ਿਆਂ ਦੇ ਅਧਿਆਪਕ ਇਸ ਸਮੇਂ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿਚ ਤਾਇਨਾਤ ਹਨ। ਸੂਤਰਾਂ ਅਨੁਸਾਰ ਇਹ ਸਾਰੇ ਅਧਿਆਪਕ ਛੇ ਸਾਲ ਪਹਿਲਾਂ ਉਸ ਟੀਚਰ ਟ੍ਰੇਨਿੰਗ ਸੈਮੀਨਾਰ ਦਾ ਹਿੱਸਾ ਰਹੇ ਹਨ ਜਿਸ ਲਈ ਸਿੱਖਿਆ ਅਧਿਕਾਰੀਆਂ ’ਤੇ ਫੰਡਾਂ ਦੀ ਦੁਰਵਰਤੋਂ ਦੇ ਦੋਸ਼ ਲਾਏ ਗਏ ਹਨ।

ਜਾਣਕਾਰੀ ਅਨੁਸਾਰ ਹੁਣ 6 ਦਸੰਬਰ ਨੂੰ ਜਾਰੀ ਪੱਤਰ ਅਨੁਸਾਰ ਵਿਜੀਲੈਂਸ ਨੇ ਇਨ੍ਹਾਂ 15 ਅਧਿਆਪਕਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਗੁਰਦਾਸਪੁਰ ਦੇ ਨਾਂ ਪੱਤਰ ਜਾਰੀ ਕਰਕੇ ਵਿਜੀਲੈਂਸ ਦਫ਼ਤਰ ਲੁਧਿਆਣਾ ਵਿਖੇ ਹਾਜ਼ਰ ਹੋਣ ਲਈ ਕਿਹਾ ਹੈ। ਇਸ ’ਤੇ ਕਾਰਵਾਈ ਕਰਦਿਆਂ ਡੀਈਓ ਹਰਪਾਲ ਸਿੰਘ ਨੇ ਇਨ੍ਹਾਂ 15 ਅਧਿਆਪਕਾਂ ਦੇ ਨਾਂ 7 ਦਸੰਬਰ ਨੂੰ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰਦਿਆਂ ਕਿਹਾ ਕਿ ਸਬੰਧਤ ਅਧਿਆਪਕਾਂ ਨੂੰ 8 ਦਸੰਬਰ ਨੂੰ ਵਿਜੀਲੈਂਸ ਦਫ਼ਤਰ ਲੁਧਿਆਣਾ ਵਿਖੇ ਹਾਜ਼ਰ ਹੋਣ ਲਈ ਪਾਬੰਦ ਕੀਤਾ ਜਾਵੇ।

ਦੱਸਣਯੋਗ ਹੈ ਕਿ ਸਿੱਖਿਆ ਅਧਿਕਾਰੀ ਰਾਕੇਸ਼ ਗੁਪਤਾ ਨੂੰ ਵਿਜੀਲੈਂਸ ਦੀ ਲੁਧਿਆਣਾ ਟੀਮ ਨੇ 6 ਸਾਲ ਪੁਰਾਣੇ ਕੇਸ ਵਿਚ 1 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਅਹੁਦੇ ’ਤੇ ਰਹਿੰਦਿਆਂ ਸੈਮੀਨਾਰਾਂ ਦੇ ਨਾਂ ’ਤੇ ਜਾਅਲੀ ਬਿੱਲਾਂ ਰਾਹੀਂ 10 ਲੱਖ ਰੁਪਏ ਤੋਂ ਵੱਧ ਦੀ ਰਕਮ ਦਾ ਗਬਨ ਕੀਤਾ ਹੈ।

Posted By: Sandip Kaur