ਰਣਜੀਤ ਬਾਵਾ/ਜਗੀਰ ਮੰਡ, ਘੁਮਾਣ : ਪੁਲਿਸ ਜ਼ਿਲ੍ਹਾ ਬਟਾਲਾ ਦੇ ਐੱਸਐੱਸਪੀ ਰਛਪਾਲ ਸਿੰਘ ਦੇ ਸਖਤ ਹਦਾਇਤਾਂ ਅਨੁਸਾਰ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਵੱਲੋਂ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਘੁਮਾਣ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਦੋ ਵਿਅਕਤੀਆਂ ਨੂੰ ਹੈਰੋਇਨ ਤੇ ਨਾਜਾਇਜ਼ ਸਰਾਬ ਸਮੇਤ ਕਾਬੂ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਘੁਮਾਣ ਦੇ ਮੁਖੀ ਸੁਰਿੰਦਰ ਸਿੰਘ ਪਵਾਰ ਨੇ ਦੱਸਿਆ ਏਐੱਸਆਈ ਗੁਰਮੁਖ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਨੂੰ ਜਾ ਰਹੇ ਸਨ ਬਰਿਆਰ ਸੂਏ ਦੇ ਪੁਲ ਤੇ ਇਕ ਵਿਅਕਤੀ ਦੀ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲਈ ਤਾਂ ਉਸ ਕੋਲੋਂ20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਮੁਲਜ਼ਮ ਦੀ ਪਛਾਣ ਹਰਜੀਤ ਸਿੰਘ ਵਾਸੀ ਭੋਮਾਂ ਵਜੋਂ ਹੋਈ ਹੈ। ਇਸੇ ਤਰ੍ਹਾਂ ਭੋਮੇ ਨੇੜੇ ਸੂਏ ਦੇ ਪੁਲ ਤੋਂ ਪੁਲਿਸ ਦੀ ਗਸ਼ਤ ਦੌਰਾਨ ਇਕ ਵਿਅਕਤੀ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ ਇਕ ਕੈਨ (38 ਬੋਤਲਾਂ) ਨਾਜਾਇਜ ਸ਼ਰਾਬ ਦਾ ਬਰਾਮਦ ਕੀਤਾ ਗਿਆ। ਮੁਲਜ਼ਮ ਦੀ ਪਛਾਣ ਰਣਜੀਤ ਸਿੰਘ ਵਾਸੀ ਭੋਮਾਂ ਵਜੋਂ ਹੋਈ। ਪੁਲਿਸ ਵੱਲੋਂ ਕਥਿਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।