ਕੁਲਦੀਪ ਸਲਗਾਨੀਆ/ਸੁਖਦੇਵ ਸਿੰਘ, ਕਿਲ੍ਹਾ ਲਾਲ ਸਿੰਘ/ਬਟਾਲਾ : ਇੱਥੋਂ ਨਜ਼ਦੀਕੀ ਪਿੰਡ ਜੌੜਾ ਸਿੰਘਾ 'ਚ ਪੁਰਾਣੇ ਘਰ ਦੀ ਛੱਤ ਡਿੱਗਣ ਨਾਲ ਵਾਪਰੇ ਹਾਦਸੇ ਦੌਰਾਨ ਇਕ 5 ਸਾਲਾ ਬੱਚੇ ਅਤੇ ਬਜ਼ੁਰਗ ਔਰਤ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਪੁੱਤਰ ਸਵ. ਸੁਰਤਾ ਸਿੰਘ ਨੇ ਨਵਾਂ ਘਰ ਬਣਾਇਆ ਸੀ ਅਤੇ ਘਰ 'ਚ ਉਸਾਰੀ ਦਾ ਕੰਮ ਚੱਲਦਾ ਹੋਣ ਕਰ ਕੇ ਪਰਿਵਾਰਕ ਮੈਂਬਰ ਇਕ ਪੁਰਾਣੇ ਕਮਰੇ ਜਿਸ 'ਤੇ ਗਾਡਰ ਅਤੇ ਟੀਨਾਂ ਪਈਆਂ ਹੋਈਆਂ ਸਨ ਦੀ ਵਰਤੋਂ ਕਰ ਰਹੇ ਸਨ।

ਬਲਵਿੰਦਰ ਸਿੰਘ ਦੀ ਮਾਤਾ ਮਨਜੀਤ ਕੌਰ (65) ਅਤੇ ਉਨ੍ਹਾਂ ਦੇ ਘਰ ਆਏ ਰਿਸ਼ਤੇਦਾਰ ਪੁਰਾਣੇ ਕਮਰੇ 'ਚ ਬੈਠੇ ਹੋਏ ਸਨ ਕਿ ਅਚਾਨਕ ਘਰ ਦੀ ਛੱਤ ਡਿੱਗ ਪਈ ਜਿਸ ਨਾਲ ਬਜ਼ੁਰਗ ਮਨਜੀਤ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਸ ਹਾਦਸੇ ਦੌਰਾਨ ਬਲਵਿੰਦਰ ਸਿੰਘ ਦੇ ਸਾਲੇ ਦਾ ਪੱਜ ਸਾਲਾ ਲੜਕਾ ਕਰਨ ਸਿੰਘ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਉਸ ਨੂੰ ਬਟਾਲੇ ਦੇ ਇਕ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ।

ਇਸ ਹਾਦਸੇ 'ਚ ਬਲਵਿੰਦਰ ਸਿੰਘ ਦਾ ਤਿੰਨ ਸਾਲਾ ਬੇਟਾ ਵਰਿੰਦਰ ਸਿੰਘ ਵੀ ਜ਼ਖ਼ਮੀ ਹੋ ਗਿਆ। ਘਟਨਾ ਵਾਪਰਦਿਆਂ ਹੀ ਪਿੰਡ ਵਾਸੀਆਂ ਨੇ ਬਚਾਅ ਕਾਰਜਾਂ 'ਚ ਲੱਗ ਕੇ ਮਲਬੇ ਹੇਠਾਂ ਦੱਬੇ ਪਰਿਵਾਰਕ ਮੈਂਬਰਾਂ ਨੂੰ ਬਾਹਰ ਕੱਢਿਆ। ਮੌਕੇ 'ਤੇ ਥਾਣਾ ਕਿਲ੍ਹਾ ਲਾਲ ਸਿੰਘ ਦੇ ਐੱਸਐੱਚਓ ਰਣਜੋਧ ਸਿੰਘ ਪੁਲਿਸ ਪਾਰਟੀ ਸਮੇਤ ਪੁੱਜੇ। ਉਨ੍ਹਾਂ ਨੇ ਲੋਕਾਂ ਦੀ ਮਦਦ ਨਾਲ ਮਨਜੀਤ ਕੌਰ ਦੀ ਲਾਸ਼ ਨੂੰ ਮਲਬੇ ਹੇਠਾਂ ਕੱਢ ਕੇ ਪੋਸਟਮਾਰਟਮ ਲਈ ਸਿਵਲ ਹਸਪਾਤਲ ਬਟਾਲਾ ਭੇਜ ਦਿੱਤਾ।