ਪਵਨ ਤੇ੍ਹਨ, ਬਟਾਲਾ : ਕਾਦੀਆਂ ਬਟਾਲਾ ਰੋਡ ਨਜ਼ਦੀਕ ਗੁਰਦੁਆਰਾ ਫਲਾਹੀ ਸਾਹਿਬ ਲਾਗੇ ਭਿਆਨਕ ਹਾਦਸਾ ਵਾਪਰਿਆ। ਇਸ ਵਿਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਸ ਬਾਰੇ ਵਡਾਲਾ ਗ੍ੰਥੀਆਂ ਪੁਲਿਸ ਚੌਂਕੀ ਦੇ ਇੰਚਾਰਜ ਏਐੱਸਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਹਾਦਸਾ ਬਟਾਲਾ ਕਾਦੀਆਂ ਰੋਡ ਨੇੜੇ ਗੁਰਦੁਆਰਾ ਫਲਾਹੀ ਸਾਹਿਬ ਲਾਗੇ ਵਾਪਰਿਆ ਹੈ।

ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਦੀ ਰਫ਼ਤਾਰ ਤੇਜ ਹੋਣ ਕਾਰਨ ਇਹ ਹਾਦਸਾ ਵਾਪਰਿਆ ਜਿਸ ਦੌਰਾਨ ਇਕ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ। ਉਸ ਦੀ ਲਾਸ਼ ਕਬਜ਼ੇ ਵਿਚ ਲੈ ਕੇ ਬਟਾਲਾ ਦੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਦੂਜਾ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਸੀ, ਉਸ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਭੇਜਿਆ ਗਿਆ, ਜਿੱਥੇ ਇਲਾਜ ਦੌਰਾਨ ਉਸ ਨੌਜਵਾਨ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਦੋਵਾਂ ਨੌਜਵਾਨਾਂ ਦੀ ਹਾਲੇ ਤਕ ਪਛਾਣ ਨਹੀਂ ਹੋ ਸਕੀ। ਪੁਲਿਸ ਨੇ ਮੋਟਰਸਾਈਕਲ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।