ਸੁਖਦੇਵ ਸਿੰਘ, ਬਟਾਲਾ : ਥਾਣਾ ਘੁਮਾਣ ਦੇ ਏਐੱਸਆਈ ਪ੍ਰਭਜੀਤ ਸਿੰਘ ਤੇ ਏਐੱਸਆਈ ਸੁਰਿੰਦਰ ਸਿੰਘ ਨੂੰ ਇਲਾਕੇ ਦੇ ਸਰਪੰਚ ਤੇ ਬਲਾਕ ਸੰਮਤੀ ਮੈਂਬਰ ਨਾਲ ਬਦਸਲੂਕੀ ਕਰਨ ਤੇ ਐੱਸਐੱਸਪੀ ਬਟਾਲਾ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਡੀਐੱਸਪੀ ਲਖਵੀਰ ਸਿੰਘ ਸ੍ਰੀ ਹਰਗੋਬਿੰਦਪੁਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਸ਼ਿਕਾਇਤ ਮਿਲੀ ਸੀ, ਜਿਸ ਉਪਰੰਤ ਉਹ ਥਾਣਾ ਘੁਮਾਣ ਪਹੁੰਚੇ ਤੇ ਮਾਮਲੇ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ, ਜਿਸ 'ਤੇ ਪਤਾ ਲੱਗਾ ਕਿ ਉਕਤ ਦੋਵਾਂ ਅਧਿਕਾਰੀਆਂ ਨੇ ਸਰਪੰਚ ਨਰਿੰਦਰ ਸਿੰਘ ਤੇ ਬਲਾਕ ਸੰਮਤੀ ਮੈਂਬਰ ਦੀਵਾਨ ਸਿੰਘ ਨਾਲ ਸ਼ਰਾਬ ਪੀ ਕੇ ਬਦਸਲੂਕੀ ਕੀਤੀ ਸੀ। ਡੀਐੱਸਪੀ ਲਖਬੀਰ ਸਿੰਘ ਨੇ ਦੱਸਿਆ ਕਿ ਦੋਵਾਂ ਅਫਸਰਾਂ ਦੇ ਰਵਈਏ ਸਬੰਧੀ ਐੱਸਐੱਸਪੀ ਬਟਾਲਾ ਨੂੰ ਜਾਣਕਾਰੀ ਦਿੱਤੀ ਗਈ ਤੇ ਦੋਵਾਂ ਨੂੰ ਸਸਪੈਂਡ ਕਰਨ ਦੀ ਪਹਿਲੀ ਸਿਫਾਰਸ਼ ਕੀਤੀ ਸੀ ਜਿਸ 'ਤੇ ਐੱਸਐੱਸਪੀ ਬਟਾਲਾ ਨੇ ਦੋਵਾਂ ਅਫਸਰਾਂ ਨੂੰ ਮੁਅੱਤਲ ਕਰ ਦਿੱਤਾ ਹੈ।