ਵੀਰੇਨ ਪਰਾਸ਼ਰ, ਪਠਾਨਕੋਟ : ਅੱਤਵਾਦੀ ਘਟਨਾਵਾਂ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਗੁਆਂਢੀ ਮੁਲਕ ਪਾਕਿਸਤਾਨ ਦੇ ਬਾਰਡਰ ਰਾਹੀਂ ਇਸ ਵਾਰ ਟਿੱਡੀਆਂ ਦੇ ਹਮਲੇ ਦਾ ਖ਼ਦਸ਼ਾ ਬਣਿਆ ਹੋਇਆ ਹੈ। ਪਠਾਨਕੋਟ ਜ਼ਿਲ੍ਹੇ ਨਾਲ ਲੱਗੀ ਸੱਠ ਕਿਲੋਮੀਟਰ ਲੰਬੀ ਅੰਤਰਰਾਸ਼ਟਰੀ ਸਰਹੱਦ ਰਾਹੀਂ ਟਿੱਡੀਆਂ ਦੀ ਘੁਸਪੈਠ ਦੀ ਸੰਭਾਵਨਾ ਬਣੀ ਹੋਈ ਹੈ। ਇਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਅਲਰਟ ਜਾਰੀ ਕਰ ਦਿੱਤਾ ਹੈ। ਪ੍ਰਸ਼ਾਸਨ ਦੇ ਨਾਲ ਹੀ ਖੇਤੀਬਾੜੀ-ਬਾਗ਼ਬਾਨੀ ਦੇ ਨਾਲ ਦੂਜੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਟਿੱਡੀ ਦਲ ਦੇ ਹਮਲੇ ਨੂੰ ਬੇਅਸਰ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਹੈ। ਹੁਣ ਤਕ ਦੇ ਕਿਆਫਿਆਂ ਅਨੁਸਾਰ ਟਿੱਡੀਆਂ ਦੇ ਜੇਕਰ ਹਮਲਾ ਹੁੰਦਾ ਹੈ ਤਾਂ ਰਾਜਸਥਾਨ ਦੇ ਨਾਲ ਲੱਗੇ ਪਕਿਸਤਾਨ ਬਾਰਡਰ ਰਾਹੀਂ ਉਨ੍ਹਾਂ ਦੇ ਦਖਲ ਹੋਣ ਦੀ ਵੱਧ ਸੰਭਾਵਨਾ ਹੈ। ਬਾਵਜੂਦ ਇਸ ਦੇ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦਾ ਖਤਰਾ ਨਹੀਂ ਲੈਣਾ ਚਾਹੁੰਦਾ ਤੇ ਪਾਕਿਸਤਾਨ ਬਾਰਡਰ ਦੇ ਖੁੱਲੇ ਇਲਾਕੇ ਨੂੰ ਵੀ ਟਿੱਡੀਆਂ ਦੇ ਹਮਲੇ ਨੂੰ ਨਕਾਰਿਆ ਨਹੀਂ ਜਾ ਸਕਦਾ। ਹਾਲਾਂਕਿ ਇਕੱਠੇ ਲੱਖਾਂ ਟਿੱਡੀਆਂ ਦੇ ਦਲ ਨਾਲ ਨਜਿੱਠਣ ਦਾ ਤਰੀਕਾ ਹਾਲੇ ਇਜਾਦ ਨਹੀਂ ਹੋ ਸਕਿਆ ਹੈ, ਪਰ ਕਿਸਾਨਾਂ ਨੂੰ ਬਚਾਅ ਦੇ ਤਰੀਕੇ ਅਪਣਾ ਕੇ ਨੁਕਸਾਨ ਨੂੰ ਘੱਟ ਜਾਂ ਰੋਕਣ ਦੀ ਤਰੀਕੇ ਦੱਸੇ ਜਾ ਰਹੇ ਹਨ।

ਪਠਾਨਕੋਟ 'ਚ ਨਹੀਂ ਹੋਇਆ ਟਿੱਡੀਆਂ ਦਾ ਹਮਲਾ

ਪਠਾਨਕੋਟ ਜ਼ਿਲ੍ਹੇ 'ਚ ਹਾਲੇ ਤਕ ਟਿੱਡੀਆਂ ਦਾ ਹਮਲਾ ਨਹੀਂ ਹੋਇਆ ਹੈ। ਦੇਸ਼ ਸਮੇਤ ਪੰਜਾਬ 'ਚ ਆਪਣਾ ਕਹਿਰ ਮਚਾ ਚੁੱਕੀ ਟਿੱਡੀਆਂ ਦੀ ਪਹੁੰਚ ਤੋਂ ਹਾਲੇ ਤਕ ਪਠਾਨਕੋਟ ਦੂਰ ਹੈ। ਪਰ ਜਿਸ ਤਰ੍ਹਾਂ ਨਾਲ ਟਿੱਡੀਆਂ ਨੇ ਕਈ ਸੂਬਿਆਂ 'ਚ ਤਬਾਹੀ ਮਚਾਈ ਹੈ ਉਸ ਨੂੰ ਵੇਖਦੇ ਹੋਏ ਪਠਾਨਕੋਟ 'ਚ ਅਲਰਟ ਜਾਰੀ ਕੀਤਾ ਗਿਆ ਹੈ।

ਹਮਲਾ ਹੋਇਆ ਤਾਂ ਲੀਚੀ-ਅੰਬ ਨੂੰ ਖ਼ਤਰਾ

ਏਨੀ ਦਿਨੀਂ ਰਿਵਾਇਤੀ ਖੇਤੀ 'ਚ ਕਣਕ ਦਾ ਸੀਜ਼ਨ ਖ਼ਤਮ ਹੋ ਚੁੱਕਾ ਹੈ ਤੇ ਮੱਕੀ ਤੇ ਝੋਨੇ ਦੀ ਲੁਆਈ ਸ਼ੁਰੂ ਹੋ ਚੁੱਕੀ ਹੈ। ਚਿੰਤਾ ਦੀ ਗੱਲ ਇਹ ਹੈ ਕਿ ਜ਼ਿਲ੍ਹੇ 'ਚ 15 ਹਜ਼ਾਰ ਏਕੜ 'ਚ ਤਿਆਰ ਲੀਚੀ ਨੂੰ ਟਿੱਡੀਆਂ ਨਿਸ਼ਾਨਾਂ ਬਣਾ ਸਕਦੀਆਂ ਹਨ, ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ 100 ਕਰੋੜ ਤੋਂ ਵੱਧ ਦੇ ਕਾਰੋਬਾਰ ਦਾ ਨੁਕਸਾਨ ਹੋਵੇਗਾ। ਜਦਕਿ ਅੰਬ ਸਮੇਤ ਦੂਜੇ ਫਲਾਂ ਤੇ ਸਬਜ਼ੀਆਂ ਨੂੰ ਵੀ ਨੁਕਸਾਨ ਪੁੱਜੇਗਾ।

ਹਮਲੇ ਨਾਲ ਨਜਿੱਠਣ ਲਈ ਮੁਹਿੰਮ ਜਾਰੀ

ਖੇਤੀਬਾੜੀ ਅਧਿਕਾਰੀ ਡਾ. ਅਮਰੀਕ ਸਿੰਘ ਨੇ ਕਿਹਾ ਕਿ ਖੇਤੀ 'ਤੇ ਹਮਲੇ ਦੇ ਖਦਸ਼ੇ ਨੂੰ ਵੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਚੌਕੰਨਾ ਹੋ ਚੁੱਕਾ ਹੈ। ਜ਼ਿਲ੍ਹੇ 'ਚ ਟੀਮਾਂ ਗਠਿਤ ਕਰਨ ਦੇ ਨਾਲ ਹੀ ਕਿਸਾਨਾਂ ਨੂੰ ਇਸ ਦੇ ਬਚਾਅ ਬਾਰੇ ਵੀ ਸਿਖਲਾਈ ਦਿੱਤੀ ਜਾ ਰਹੀ ਹੈ। ਸਰਹੱਦੀ ਇਲਾਕੇ ਦੇ ਕਿਸਾਨਾਂ ਨੂੰ ਮੌਕ ਡਰਿਲ ਰਾਹੀਂ ਬਚਾਅ ਦੇ ਤਰੀਕੇ ਦੱਸੇ ਜਾ ਰਹੇ ਹਨ। ਯਤਨ ਇਹੀ ਹੋਵੇਗਾ ਕਿ ਜੇਕਰ ਹਮਲਾ ਹੁੰਦਾ ਹੈ ਤਾਂ ਨੁਕਸਾਨ ਨੂੰ ਰੋਕਿਆ ਜਾਵੇ।