ਸ਼ਾਮ ਸਿੰਘ ਘੁੰਮਣ, ਦੀਨਾਨਗਰ : ਪਿੰਡ ਅਵਾਂਖਾ ਵਿਖੇ ਚੋਰਾਂ ਨੇ ਆਈਟੀਬੀਪੀ ਦੇ ਇਕ ਜਵਾਨ ਦੇ ਘਰ ਅੰਦਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਤਿੰਨ ਲੱਖ ਰੁਪਏ ਨਕਦ ਅਤੇ ਸੱਤ ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ।

ਜਾਣਕਾਰੀ ਦਿੰਦਿਆਂ ਅੰਜੂ ਬਾਲਾ ਪਤਨੀ ਪਵਨ ਕੁਮਾਰ ਨੇ ਦੱਸਿਆ ਕਿ ਉਸ ਦਾ ਪਤੀ ਆਈਟੀਬੀਪੀ ਵਿਚ ਨੌਕਰੀ ਕਰਦਾ ਹੈ। ਦੋ ਦਿਨ ਪਹਿਲਾਂ ਉਹ ਆਪਣੇ ਬੇਟੇ ਅਤੇ ਬੇਟੀ ਨੂੰ ਨਾਲ ਲੈ ਕੇ ਆਪਣੇ ਪੇਕੇ ਘਰ ਭਰਾਵਾਂ ਨੂੰ ਰੱਖੜੀ ਬੰਨ੍ਹਣ ਲਈ ਗਈ ਸੀ ਪਰ ਅੱਜ ਜਦੋਂ ਉਹ ਵਾਪਸ ਪਰਤੇ ਤਾਂ ਘਰ ਦਾ ਦ੍ਰਿਸ਼ ਵੇਖ ਕੇ ਹੱਕੇ ਬੱਕੇ ਰਹਿ ਗਏ। ਅੰਜੂ ਬਾਲਾ ਨੇ ਦੱਸਿਆ ਘਰ ਦੇ ਮੇਨ ਗੇਟ ਤੋਂ ਇਲਾਵਾ ਅੰਦਰਲੇ ਦਰਵਾਜ਼ਿਆਂ ਦੇ ਤਾਲੇ ਟੁੱਟੇ ਹੋਏ ਸਨ। ਜਦੋਂ ਅੰਦਰ ਜਾ ਕੇ ਵੇਖਿਆ ਤਾਂ ਅਲਮਾਰੀਆਂ ਅਤੇ ਕੱਪਬੋਰਡ ਦੇ ਵਿੱਚ ਪਿਆ ਸਾਰਾ ਸਮਾਨ ਖਿੱਲਰਿਆ ਹੋਇਆ ਸੀ। ਜਦੋਂ ਸਾਮਾਨ ਦੀ ਜਾਂਚ ਕੀਤੀ ਤਾਂ ਵੇਖਿਆ ਕਿ ਘਰ ਅੰਦਰੋਂ ਤਿੰਨ ਲੱਖ ਰੁਪਏ ਨਕਦ ਅਤੇ ਸੱਤ ਤੋਲੇ ਸੋਨੇ ਦੇ ਗਹਿਣੇ ਗਾਇਬ ਸਨ ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ।

Posted By: Jagjit Singh