ਜੇਐੱਨਐੱਨ, ਗੁਰਦਾਸਪੁਰ : ਪਿੰਡ ਕਲਿਆਣਪੁਰ ਵਿਚ ਗਊਆਂ ਨੂੰ ਮਾਰ ਕੇ ਉਨ੍ਹਾਂ ਦੇ ਮਾਸ ਦੀ ਸਮੱਗਲਿੰਗ ਕਰਨ ਵਾਲੇ 11 ਲੋਕਾਂ ਨੂੰ ਬੁੱਧਵਾਰ ਨੂੰ ਅਦਾਲਤ ਵਿਚ ਪੇਸ਼ ਕਰਨ ਪਿੱਛੋਂ ਪੁਲਿਸ ਨੇ ਦੋ ਦਿਨਾਂ ਦਾ ਰਿਮਾਂਡ ਹਾਸਿਲ ਕੀਤਾ। ਪੁਲਿਸ ਵੱਲੋਂ ਕੀਤੀ ਗਈ ਪੁੱਛਗਿੱਛ ਵਿਚ ਗਿਰੋਹ ਦੇ ਸਰਗਨੇ ਅਕਾਲੀ ਦਲ ਦੇ ਸਾਬਕਾ ਸਰਪੰਚ ਨਿਆਮਤ ਮਸੀਹ ਨੇ ਦੱਸਿਆ ਹੈ ਕਿ ਉਹ ਗਊਆਂ ਨੂੰ ਮਾਰ ਕੇ ਪਿੰਜਰਾਂ ਵਿਚ ਗਊ ਦਾ ਮੀਟ ਲੁਕਾ ਕੇ ਟਰੱਕ ਰਾਹੀਂ ਉੱਤਰ ਪ੍ਰਦੇਸ਼ ਭੇਜਦੇ ਹੁੰਦੇ ਸਨ। ਨਿਆਮਤ ਦੱਸਦਾ ਹੈ ਕਿ ਗਊਆਂ ਦਾ 70 ਤੋਂ 80 ਫੀਸਦੀ ਮੀਟ ਜ਼ਿਲ੍ਹੇ ਵਿਚ ਹੀ ਰਹਿੰਦਾ ਤੇ ਉੱਤਰ ਪ੍ਰਦੇਸ਼, ਬਿਹਾਰ ਤੇ ਹੋਰਨਾਂ ਸੂਬਿਆਂ ਤੋਂ ਆ ਕੇ ਇੱਥੇ ਕੰਮ ਕਰ ਰਹੇ ਕੁਝ ਲੋਕ ਖ਼ਰੀਦਦੇ ਸਨ।

ਸੀਆਈਏ ਸਟਾਫ ਦੇ ਇੰਚਾਰਜ ਵਿਸ਼ਵ ਨਾਥ ਨੇ ਆਖਿਆ ਕਿ ਇਨ੍ਹਾਂ ਲੋਕਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਹ ਹੋਰਨਾਂ ਸੂੁਬਿਆਂ ਤੋਂ ਵੀ ਦੁੱਧ ਦੇਣ ਵਿਚ ਅਸਮਰੱਥ ਹੋ ਚੁੱਕੀਆਂ ਗਊਆਂ ਨੂੰ ਸਸਤੇ ਭਾਅ ਖ਼ਰੀਦ ਕੇ ਲਿਆਂਦੇ ਸਨ। ਗਊਆਂ ਨੂੰ ਖਰੀਦਣ ਦੌਰਾਨ ਉਹ ਆਖਦੇ ਸਨ ਕਿ ਇਨ੍ਹਾਂ ਗਾਵਾਂ ਨੂੰ ਸ੍ਰੀਨਗਰ ਵਿਚ ਭੇਜਿਆ ਜਾਵੇਗਾ ਪਰ ਬਾਅਦ ਵਿਚ ਉਨ੍ਹਾਂ ਨੂੰ ਇੱਥੇ ਮਾਰ ਕੇ ਮਾਸ ਵੇਚ ਦਿੰਦੇ ਸਨ। ਐੱਸਐੱਸਪੀ ਡਾ. ਨਾਨਕ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ। ਇਸ ਕਾਰਨ ਅਹਿਮ ਖ਼ੁਲਾਸੇ ਹੋ ਸਕਦੇ ਹਨ।

50 ਰੁਪਏ ਕਿੱਲੋ ’ਚ ਵਿਕਦਾ ਸੀ ਮਾਸ

ਪੁੱਛਗਿੱਛ ਵਿਚ ਇਨ੍ਹਾਂ ਵਿਅਕਤੀਆਂ ਨੇ ਦੱਸਿਆ ਕਿ ਕਿਉਂਕਿ ਮੁਰਗੇ ਤੇ ਬਕਰੇ ਦਾ ਮਾਸ ਕਾਫ਼ੀ ਮਹਿੰਗਾ ਵਿਕਦਾ ਹੈ, ਉੱਥੇ ਗਊਆਂ ਦਾ ਮਾਸ 50 ਰੁਪਏ ਕਿੱਲੋ ਮੁਤਾਬਕ ਉਹ ਵੇਚਦੇ ਹੁੰਦੇ ਸਨ। ਇਹੀ ਕਾਰਨ ਹੈ ਕਿ ਇਨ੍ਹਾਂ ਨੂੰ ਦੂਜੇ ਸੂਬਿਆਂ ਵਿਚ ਗਊ ਦੇ ਮਾਸ ਦੀ ਬਹੁਤ ਘੱਟ ਤਸਕਰੀ ਕਰਨੀ ਪੈਂਦੀ ਸੀ।

ਹੋਰਨਾਂ ਸੂਬਿਆਂ ਦੇ ਸੰਪਰਕ ਲੱਭ ਰਹੀ ਪੁਲਿਸ

ਸੀਆਈਏ ਸਟਾਫ ਦੇ ਇੰਚਾਰਜ ਵਿਸ਼ਵ ਨਾਥ ਨੇ ਕਿਹਾ ਕਿ ਪੁਲਿਸ ਕਾਰਵਾਈ ਦੌਰਾਨ ਮੌਕੇ ਤੋਂ ਹਰਿਆਣੇ ਦੇ ਨੰਬਰ ਦੀ ਗੱਡੀ ਫੜੀ ਗਈ ਹੈ। ਫੜੇ ਗਏ ਅਨਸਰਾਂ ਵਿਚ ਉੱਤਰ ਪ੍ਰਦੇਸ਼ ਦੇ ਲੋਕ ਵੀ ਸ਼ਾਮਲ ਹਨ। ਜਾਪਦਾ ਹੈ ਕਿ ਇਨ੍ਹਾਂ ਵਿਅਕਤੀਆਂ ਦੇ ਤਾਰ ਹੋਰਨਾਂ ਸੂੁਬਿਆਂ ਵਿਚ ਜੁੜੇ ਹੋ ਸਕਦੇ ਹਨ। ਉਨ੍ਹਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੇ ਕਿਹੜੇ ਕਿਹੜੇ ਸੂਬਿਆਂ ਵਿਚ ਸੰਪਰਕ ਹਨ।

ਗਊਆਂ ਮਾਰ ਕੇ ਮਾਸ ਕੱਢ ਕੇ ਪਿੰਜਰ ਨੂੰ ਅੱਗ ਲਾਉਂਦੇ ਰਹੇ

ਮੁਲਜ਼ਮਾਂ ਮੁਤਾਬਕ ਪਸ਼ੂੁਆਂ ਦੇ ਪਿੰਜਰਾਂ ਨੂੰ ਯੂਪੀ ਤੇ ਹੋਰਨਾਂ ਸੂੁਬਿਆਂ ਵਿਚ ਭੇਜਿਆ ਜਾਂਦਾ ਸੀ, ਜਿੱਥੇ ਵੱਖ-ਵੱਖ ਕੰਪਨੀਆਂ ਵੱਲੋਂ ਪਿੰਜਰਾਂ ਤੋਂ ਭਾਂਡੇ ਤਿਆਰ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਿੰਜਰਾਂ ਨੂੰ ਦੂਜੇ ਸੂਬਿਆਂ ਵਿਚ ਭੇਜਣ ਤੋਂ ਪਹਿਲਾਂ ਉਨ੍ਹਾਂ ਨੂੰ ਅੱਗ ਲਾ ਕੇ ਸਾਫ਼ ਕਰ ਦਿੱਤਾ ਜਾਂਦਾ ਸੀ ਤਾਂ ਜੋ ਪਿੰਜਰਾਂ ’ਤੇ ਲੱਗਾ ਮਾਸ ਪੂਰੀ ਤਰ੍ਹਾਂ ਨਾਲ ਸੜ ਜਾਵੇ ਤੇ ਪਿੰਜਰ ਸਾਫ਼ ਹੋ ਸਕਣ।

Posted By: Susheel Khanna