ਲਖਬੀਰ ਖੁੰਡਾ, ਧਾਰੀਵਾਲ : ਥਾਣਾ ਤਿੱਬੜ ਅਧੀਨ ਪੈਂਦੇ ਪਿੰਡ ਭੁੰਬਲੀ ਵਿਖੇ ਨਹਿਰੀ ਰਜਬਾਹੇ ਕੋਲ ਤਰਸੇਮ ਸਿੰਘ ਦੇ ਨਾਂ ਚੱਲਦੇ ਟਿਊਬਵੈੱਲਾਂ ਦੀ ਤਿੰਨ ਫੇਸ ਬਿਜਲੀ ਸਪਲਾਈ ਟਰਾਂਸਫਾਰਮਰ 'ਚੋਂ 60 ਲੀਟਰ ਤੇਲ ਚੋਰੀ ਜਾਣ ਦੀ ਖਬਰ ਹੈ। ਇਸ ਸਬੰਧੀ ਕਿਸਾਨ ਤਰਸੇਮ ਸਿੰਘ, ਬਲਵਿੰਦਰ ਸਿੰਘ, ਲਖਵਿੰਦਰ ਸਿੰਘ, ਨਰਿੰਦਰ ਸਿੰਘ, ਦਿਲਬਾਗ ਸਿੰਘ, ਮੀਤੂ ਆਦਿ ਕਿਸਾਨਾਂ ਨੇ ਦੱਸਿਆ ਕਿ ਪਿੰਡ ਭੁੰਬਲੀ ਤੋਂ ਧਾਰੀਵਾਲ ਨੂੰ ਜਾਂਦੀ ਸੜਕ 'ਤੇ ਪੈਂਦੇ ਰਜਬਾਹੇ ਕੋਲ ਟਿਊਬਵੈੱਲਾਂ ਦੀ ਬਿਜਲੀ ਸਪਲਾਈ ਲਈ ਤਰਸੇਮ ਸਿੰਘ ਦੇ ਨਾਂ 'ਤੇ ਚੱਲਦੇ ਤਿੰਨ ਫੇਸ ਬਿਜਲੀ ਸਪਲਾਈ ਟਰਾਂਸਫਾਰਮਰ 'ਚੋਂ ਚੋਰ ਕੱਲ੍ਹ ਰਾਤ ਨੂੰ ਟਰਾਂਸਫਾਰਮਰ 'ਚੋਂ ਕਰੀਬ 60 ਲੀਟਰ ਤੇਲ ਕੱਢ ਕੇ ਲੈ ਗਏ। ਕਿਸਾਨਾਂ ਦੱਸਿਆ ਕਿ ਟਿਊਬਵੈੱਲਾਂ ਵਾਲੀ ਬਿਜਲੀ ਸਪਲਾਈ ਆਉਣ ਤੇ ਜਦੋਂ ਉਹ ਆਪਣੀਆਂ ਬੰਬੀਆਂ ਚਲਾਉਣ ਵਾਸਤੇ ਆਏ ਤਾਂ ਬਿਜਲੀ ਬੰਦ ਦੇਖ ਕੇ ਜਦੋਂ ਉਨਾਂ੍ਹ ਟਰਾਂਸਫਾਰਮਰ ਵੱਲ ਜਾ ਕੇ ਦੇਖਿਆ ਤਾਂ ਟਰਾਂਸਫਾਰਮਰ 'ਚੋਂ ਚੋਰ ਸਾਰਾ ਤੇਲ (60 ਲਿਟਰ) ਕੱਢ ਕੇ ਲੈ ਗਏ ਹੋਏ ਸਨ। ਕਿਸਾਨਾਂ ਨੇ ਦੱਸਿਆ ਕਿ ਇਕ ਸਾਲ ਵਿਚ ਇਸ ਟਰਾਂਸਫਾਰਮਰ 'ਚੋਂ ਇਹ ਤੀਜੀ ਵਾਰ ਤੇਲ ਚੋਰੀ ਕਾਰਨ ਉਹ ਬੜੇ ਪੇ੍ਸ਼ਾਨ ਹਨ। ਇਸ ਸਬੰਧੀ ਉਨਾਂ੍ਹ ਨੇ ਪਾਵਰਕਾਮ ਸਬ ਡਿਵੀਜਨ ਤਿੱਬੜ ਨੂੰ ਸੂਚਨਾ ਦੇ ਦਿੱਤੀ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਟਰਾਂਸਫਾਰਮਰ ਨੂੰ ਤਰੁੰਤ ਬਦਲਿਆ ਜਾਵੇ। ਇਸ ਸਬੰਧੀ ਸਬ ਡਿਵੀਜਨ ਤਿੱਬੜ ਦੇ ਐੱਸਡੀਓ ਇੰਜੀ. ਯਸਪਾਲ ਸਿੰਘ ਨੇ ਦੱਸਿਆ ਕਿ ਟਰਾਂਸਫਾਰਮਰ ਦਾ ਮੌਕਾ ਵੇਖ ਲਿਆ ਹੈ ਅਤੇ ਹੋਏ ਨੁਕਸਾਨ ਦਾ ਐਸਟੀਮੇਟ ਬਣਾ ਕੇ ਕਾਰਵਾਈ ਹਿੱਤ ਥਾਣਾ ਤਿੱਬੜ ਦੀ ਪੁਲਿਸ ਨੂੰ ਭੇਜ ਰਹੇ ਹਾਂ।