ਸ਼ਾਮ ਸਿੰਘ ਘੁੰਮਣ, ਦੀਨਾਨਗਰ : ਤਤਕਾਲੀ ਕਾਂਗਰਸ ਸਰਕਾਰ ਦੇ ਸਮੇਂ ਨਗਰ ਕੌਂਸਲ ਦੀਨਾਨਗਰ ਵੱਲੋਂ ਸ਼ਹਿਰ ਅੰਦਰ ਕਰਵਾਏ ਗਏ ਵਿਕਾਸ ਕਾਰਜਾਂ ਦੀ ਜਾਂਚ ਲਈ ਪੰਜਾਬ ਵਿਜੀਲੈਂਸ ਬਿਊਰੋ ਦੀ ਇਕ ਟੀਮ ਅੱਜ ਚੰਡੀਗੜ੍ਹ ਤੋਂ ਦੀਨਾਨਗਰ ਪੁੱਜੀ। ਟੀਮ ਵਿੱਚ ਚੰਡੀਗੜ੍ਹ ਤੋਂ ਆਏ ਵਿਜੀਲੈਂਸ ਦੇ ਅਧਿਕਾਰੀਆਂ ਅਤੇ ਤਕਨੀਕੀ ਟੀਮ ਦੇ ਨਾਲ ਵਿਜੀਲੈਂਸ ਦਫ਼ਤਰ ਗੁਰਦਾਸਪੁਰ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਰਹੇ। ਦਰਅਸਲ ਵਿਜੀਲੈਂਸ ਦੀ ਉਕਤ ਟੀਮ ਬੀਤੇ ਕੱਲ੍ਹ ਹੀ ਦੀਨਾਨਗਰ ਪਹੁੰਚ ਗਈ ਸੀ, ਪਰ ਮੌਸਮ ਖਰਾਬ ਹੋਣ ਕਾਰਨ ਟੀਮ ਅਪਣਾ ਕੰਮ ਸ਼ੁਰੂ ਨਾ ਕਰ ਸਕੀ ਅਤੇ ਅੱਜ ਦਿਨ ਸਾਫ਼ ਹੋਣ ਮਗਰੋਂ ਹੀ ਟੀਮ ਨੇ ਆਪਣਾ ਕੰਮ ਸ਼ੁਰੂ ਕੀਤਾ।

ਹਾਲਾਂਕਿ ਵਿਜੀਲੈਂਸ ਅਧਿਕਾਰੀਆਂ ਨੇ ਕਿਸੇ ਵੀ ਕਿਸਮ ਦੀ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਮਿਲੀ ਜਾਣਕਾਰੀ ਅਨੁਸਾਰ, ਵਿਜੀਲੈਂਸ ਦੀ ਟੀਮ ਸ਼ਹਿਰ ਅੰਦਰ ਤਤਕਾਲੀ ਕਾਂਗਰਸ ਸਰਕਾਰ ਦੇ ਸਮੇਂ ਹੋਏ ਕੁਝ ਵਿਕਾਸ ਕਾਰਜਾਂ ਦੀ ਜਾਂਚ ਦੇ ਇਲਾਵਾ ਸ਼ਹਿਰ ਦੇ ਬੇਰੀਆਂ ਮੁਹੱਲੇ ਅੰਦਰ ਨਗਰ ਕੌਂਸਲ ਵੱਲੋਂ ਕੀਤੀਆਂ ਗਈਆਂ ਰਜਿਸਟਰੀਆਂ ਵਿੱਚ ਘਪਲੇਬਾਜ਼ੀ ਦੀ ਸ਼ਿਕਾਇਤ ਦੀ ਜਾਂਚ ਕਰਨ ਲਈ ਇੱਥੇ ਪੁੱਜੀ ਸੀ। ਵਿਜੀਲੈਂਸ ਦੀ ਟੀਮ ਨੇ ਤਤਕਾਲੀ ਕਾਂਗਰਸ ਸਰਕਾਰ ਵੇਲੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਦੀ 25 ਦੇ ਕਰੀਬ ਥਾਵਾਂ 'ਤੇ ਮੌਕੇ 'ਤੇ ਪਹੁੰਚ ਕੇ ਫ਼ਿਜੀਕਲ ਜਾਂਚ ਕਰਨ ਦੇ ਇਲਾਵਾ ਵਿਕਾਸ ਕਾਰਜਾਂ ਨਾਲ ਸਬੰਧਤ ਰਿਕਾਰਡ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਹੈ ਅਤੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਵਿਜੀਲੈਂਸ ਟੀਮ ਅੱਜ ਸ਼ਾਮ ਵਾਪਸੀ ਵੇਲੇ ਕੁਝ ਦਸਤਾਵੇਜ਼ ਵੀ ਆਪਣੇ ਨਾਲ ਲੈ ਗਈ ਹੈ।

ਕੀ ਹੈ ਮਾਮਲਾ

ਦੱਸਣਯੋਗ ਹੈ ਕਿ ਨਗਰ ਕੌਂਸਲ ਦੀਨਾਨਗਰ ਵੱਲੋਂ ਮਗਰਲੀ ਕਾਂਗਰਸ ਸਰਕਾਰ ਵੇਲੇ ਸ਼ਹਿਰ ਅੰਦਰ ਕਰਵਾਏ ਗਏ ਵਿਕਾਸ ਕਾਰਜ ਪਿਛਲੇ ਕਾਫੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਸ਼ਹਿਰ ਦੀ ਇਕ ਮਾਰਕੀਟ ਅੰਦਰ ਨਗਰ ਕੌਂਸਲ ਵੱਲੋਂ ਲਗਾਈਆਂ ਗਈਆਂ ਟਾਈਲਾਂ ਦਾ ਮੁੱਦਾ ਵੀ ਇਕ ਸਾਬਕਾ ਕਾਂਗਰਸੀ ਕੌਂਸਲਰ ਵੱਲੋਂ ਜੋਰ-ਸ਼ੋਰ ਨਾਲ ਚੁੱਕਿਆ ਗਿਆ ਸੀ ਅਤੇ ਦੋਸ਼ ਲਾਇਆ ਗਿਆ ਸੀ ਕਿ ਉਕਤ ਮਾਰਕੀਟ ਵਿੱਚ ਬਿਨਾਂ ਟੈਂਡਰ ਦੇ ਹੀ ਟਾਈਲਾਂ ਲਗਾ ਦਿੱਤੀਆਂ ਗਈਆਂ ਹਨ। ਜਦੋਂਕਿ ਹੋਰਨਾਂ ਵਾਰਡਾਂ ਅੰਦਰ ਵੀ ਨਗਰ ਕੌਂਸਲ ਵੱਲੋਂ ਕੀਤੇ ਗਏ ਕੰਮਾਂ ਦੇ ਮਿਆਰ ਨੂੰ ਲੈ ਕੇ ਉਕਤ ਸਾਬਕਾ ਕਾਂਗਰਸੀ ਕੌਂਸਲਰ ਵੱਲੋਂ ਅਨੇਕਾਂ ਵਾਰ ਸਵਾਲ ਖੜ੍ਹੇ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਬੇਰੀਆਂ ਮੁਹੱਲੇ ਅੰਦਰ ਕੀਤੀਆਂ ਗਈਆਂ ਕੁਝ ਰਜਿਸ਼ਟਰੀਆਂ ਨੂੰ ਲੈ ਕੇ ਵੀ ਕਾਫੀ ਕਿੰਤੂ ਪ੍ਰੰਤੂ ਚੱਲ ਰਿਹਾ ਹੈ। ਹਾਲਾਂਕਿ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਵਿਜੀਲੈਂਸ ਜਾਂਚ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਂਦਾ ਹੈ ਪਰ ਸ਼ਹਿਰ ਅੰਦਰ ਵਿਜੀਲੈਂਸ ਦੀ ਫੇਰੀ ਨਾਲ ਚਰਚਾਵਾਂ ਦਾ ਬਾਜ਼ਾਰ ਇਕ ਵਾਰ ਮੁੜ ਤੋਂ ਗਰਮ ਹੋ ਗਿਆ ਹੈ।

Posted By: Jagjit Singh