ਨੀਟਾ ਮਾਹਲ, ਕਾਦੀਆਂ

ਪੁਲਿਸ ਥਾਣਾ ਕਾਦੀਆਂ ਦੇ ਨਜ਼ਦੀਕ ਰੇਲਵੇ ਰੋਡ 'ਤੇ ਭੰਗੂ ਫੋਟੋ ਸਟੂਡੀਓ ਦੁਕਾਨ ਦੇ ਤਾਲੇ ਤੋੜ ਕੇ ਬੀਤੀ ਰਾਤ ਚੋਰਾਂ ਵੱਲੋਂ ਬੈਟਰਾ ਚੋਰੀ ਕੀਤੇ ਜਾਣ ਦੀ ਖਬਰ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਸਲਵਿੰਦਰ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਮੁਹੱਲਾ ਪ੍ਰਤਾਪ ਨਗਰ ਕਾਦੀਆਂ ਨੇ ਦੱਸਿਆ ਕਿ ਉਸ ਦੀ ਫੋਟੋ ਸਟੂਡੀਓ ਦੀ ਦੁਕਾਨ ਰੇਲਵੇ ਰੋਡ 'ਤੇ ਹੈ ਤੇ ਰੋਜ਼ਾਨਾ ਦੀ ਤਰਾਂ੍ਹ ਬੀਤੀ ਰਾਤ ਵੀ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਤਾਂ ਜਦੋਂ ਉਸਨੇ ਸਵੇਰੇ ਆ ਕੇ ਦੇਖਿਆ ਤਾਂ ਉਸਦੀ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ ਅਤੇ ਅੰਦਰ ਪਿਆ ਇਨਵਰਟਰ ਦੇ ਨਾਲ ਲੱਗਾ ਬੈਟਰਾ ਚੋਰਾਂ ਵਲੋਂ ਚੋਰੀ ਕਰ ਲਿਆ ਗਿਆ, ਜਿਸ ਦੀ ਕੀਮਤ ਕਰੀਬ 12 ਹਜ਼ਾਰ ਰੁਪਏ ਬਣਦੀ ਹੈ। ਇਸ ਸਬੰਧੀ ਦੁਕਾਨ ਮਾਲਕ ਨੇ ਦੱਸਿਆ ਕਿ ਉਸ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਸੇ ਰੋਡ ਦੇ ਨਜ਼ਦੀਕ ਠੀਕਰੀਵਾਲ ਰੋਡ 'ਤੇ ਵੀ ਇੱਕ ਰੈਡੀਮੇਟ ਦੁਕਾਨ ਦੇ ਤਾਲੇ ਤੋੜ ਕੇ ਅੰਦਰ ਪਿਆ ਇਨਵਰਟਰ ਅਤੇ ਬੈਟਰਾ ਅਤੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕੀਤੀ ਗਈ ਸੀ। ਆਏ ਦਿਨ ਇਲਾਕੇ ਦੇ ਵਿਚ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਦੁਕਾਨਦਾਰਾਂ ਦੇ ਵਿੱਚ ਭਾਰੀ ਖੌਫ ਪਾਇਆ ਜਾ ਰਿਹਾ ਹੈ ਅਤੇ ਲੋਕਾਂ ਨੇ ਮੰਗ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਨਾਂ੍ਹ ਚੋਰਾ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।