ਇੰਦਰਪ੍ਰਰੀਤ ਸਿੰਘ, ਗੁਰਦਾਸਪੁਰ : ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਸ਼ਨਿਚਰਵਾਰ ਨੂੰ ਜਦੋਂ ਭਾਰਤ ਤੋਂ ਸ਼ਰਧਾਲੂਆਂ ਦਾ ਪਹਿਲਾ ਜੱਥਾ ਰਵਾਨਾ ਹੋਵੇਗਾ ਤਾਂ 72 ਸਾਲਾਂ ਤੋਂ ਕੀਤੀ ਜਾ ਰਹੀ ਸਿੱਖਾਂ ਦੀ ਅਰਦਾਸ ਪੂਰੀ ਹੋ ਜਾਵੇਗੀ। ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਗੁਰੂਧਾਮ ਦੇ ਦਰਸ਼ਨ ਕਰ ਕੇ ਉਨ੍ਹਾਂ ਦੇ ਨੇਤਰ ਨਿਹਾਲ ਹੋ ਸਕਣਗੇ। ਉਨ੍ਹਾਂ ਦੀ ਇਹ ਅਰਦਾਸ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਣੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨਿਚਰਵਾਰ ਨੂੰ ਜਦੋਂ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ 'ਚ ਬਣਾਏ ਗਏ ਲਾਂਘੇ ਦੇ ਪੈਸੰਜਰ ਟਰਮੀਨਲ ਦਾ ਉਦਘਾਟਨ ਕਰਨਗੇ। ਉਧਰ ਪਾਕਿਸਤਾਨ ਦੇ ਹਿੱਸੇ ਵਾਲੇ ਲਾਂਘੇ ਦਾ ਉਦਘਾਟਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਕਰਨਗੇ। ਇਹ ਤਮਾਮ ਸਿੱਖਾਂ ਤੇ ਨਾਨਕ ਨਾਮ ਲੇਵਾ ਲਈ ਇਤਿਹਾਸਕ ਪਲ ਹੋਵੇਗਾ ਕਿਉਂਕਿ ਪਿਛਲੇ 72 ਸਾਲਾਂ ਤੋਂ ਸ਼ਰਧਾਲੂ ਦੂਰਬੀਨ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਰਹੇ ਸਨ ਪਰ ਹੁਣ ਉਹ ਲਾਂਘੇ ਜ਼ਰੀਏ ਗੁਰਦੁਆਰਾ ਸਾਹਿਬ ਜਾ ਕੇ ਉੱਥੇ ਨਤਮਸਤਕ ਹੋ ਸਕਣਗੇ।

1947 ਵਿਚ ਭਾਰਤ-ਪਾਕਿ ਵੰਡ ਪਿੱਛੋਂ ਸ੍ਰੀ ਨਨਕਾਣਾ ਸਾਹਿਬ, ਸ੍ਰੀ ਪੰਜਾ ਸਾਹਿਬ ਤੇ ਸ੍ਰੀ ਕਰਤਾਰਪੁਰ ਸਾਹਿਬ ਵਰਗੇ ਕਈ ਇਤਿਹਾਸਕ ਗੁਰਦੁਆਰੇ ਪਾਕਿਸਤਾਨ ਵਿਚ ਰਹਿ ਗਏ। ਇਸ ਕਾਰਨ ਸਿੱਖਾਂ ਲਈ ਇਨ੍ਹਾਂ ਦੇ ਦਰਸ਼ਨ ਕਰਨਾ ਦੁਰਲੱਭ ਹੋ ਗਿਆ। ਅਜਿਹੇ 'ਚ ਨਿਤਨੇਮ ਤੋਂ ਬਾਅਦ ਸਵੇਰੇ-ਸ਼ਾਮ ਕੀਤੀ ਜਾਂਦੀ ਅਰਦਾਸ ਵਿਚ ਸਿੱਖ ਪੰਥ ਨੇ ਇਹ ਪੰਕਤੀਆਂ ਜੋੜੀਆਂ, 'ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ, ਦੇ ਖੁੱਲ੍ਹੇ ਦਰਸ਼ਨ-ਦੀਦਾਰ ਤੇ ਸੇਵਾ-ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖ਼ਸ਼ੋ।' ਇਸ ਦਾ ਮਤਲਬ ਹੈ-ਸ੍ਰੀ ਨਨਕਾਣਾ ਸਾਹਿਬ ਤੇ ਬਾਕੀ ਗੁਰਦੁਆਰੇ ਜਾਂ ਗੁਰਧਾਮ ਜੋ ਵੰਡ ਕਾਰਨ ਪਾਕਿਸਤਾਨ ਵਿਚ ਰਹਿ ਗਏ ਉਨ੍ਹਾਂ ਦੇ ਖੁੱਲ੍ਹੇ ਦਰਸ਼ਨ ਸਿੱਖ ਕਰ ਸਕਣ, ਇਹ ਅਰਦਾਸ ਹੈ। ਹਰ ਸਾਲ ਸਿਰਫ਼ ਤਿੰਨ ਚਾਰ ਮੌਕਿਆਂ 'ਤੇ ਹੀ ਦੋ-ਚਾਰ ਹਜ਼ਾਰ ਲੋਕਾਂ ਨੂੰ ਪਾਕਿ ਜਾਣ ਦੀ ਇਜਾਜ਼ਤ ਸੀ।

ਨਹੀਂ ਬਦਲੇਗੀ ਅਰਦਾਸ

ਅਰਦਾਸ 'ਚੋਂ ਉਕਤ ਪੰਕਤੀਆਂ ਨੂੰ ਹਟਾਉਣ 'ਤੇ ਐੱਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਕਹਿੰਦੇ ਹਨ, 'ਅਰਦਾਸ ਵਿਚ ਕੋਈ ਤਬਦੀਲੀ ਨਹੀਂ ਹੋਵੇਗੀ। ਇਹ ਵਿਚਾਰ ਹੀ ਗ਼ਲਤ ਹੈ। ਇਹ ਵਿਸ਼ਾ ਸਿੰਘ ਸਾਹਿਬਾਨ ਦੇ ਅਧਿਕਾਰ ਖੇਤਰ ਦਾ ਹੈ। ਅਜੇ ਤਾਂ ਸੈਂਕੜੇ ਗੁਰਦੁਆਰੇ ਪਾਕਿਸਤਾਨ ਵਿਚ ਹਨ। ਇਹ ਅਰਦਾਸ ਲਗਾਤਾਰ ਜਾਰੀ ਰਹੇਗੀ।'

ਬਾਰਿਸ਼ ਨੇ ਵਿਗਾੜੀ ਵਿਵਸਥਾ, ਸਰਕਾਰ ਦੀ ਰੈਲੀ ਰੱਦ

ਵੀਰਵਾਰ ਰਾਤ ਹੋਈ ਭਾਰੀ ਬਾਰਿਸ਼ ਨੇ ਡੇਰਾ ਬਾਬਾ ਨਾਨਕ ਤੇ ਸੁਲਤਾਨਪੁਰ ਲੋਧੀ 'ਚ ਸਾਰੀ ਵਿਵਸਥਾ ਵਿਗਾੜ ਦਿੱਤੀ ਹੈ। ਬਟਾਲਾ ਰੋਡ 'ਤੇ ਬਣੇ ਬੀਐੱਸਐੱਫ ਹੈੱਡਕੁਆਰਟਰ ਦੇ ਵਿਹੜੇ ਤੇ ਸੁਲਤਾਨਪੁਰ ਲੋਧੀ 'ਚ ਬਣਾਈਆਂ ਗਈਆਂ ਤਿੰਨਾਂ ਟੈਂਟ ਸਿਟੀਆਂ 'ਚ ਪਾਣੀ ਭਰ ਗਿਆ ਹੈ। ਹੁਣ ਤਕ ਇੱਥੇ ਕਿਸੇ ਦੇ ਠਹਿਰਣ ਦੀ ਵਿਵਸਥਾ ਨਹੀਂ ਹੋ ਸਕੀ। ਰਾਤ ਤਕ ਪ੍ਰਸ਼ਾਸਨ ਪਾਣੀ ਕੱਢਣ ਵਿਚ ਲੱਗਾ ਰਿਹਾ। ਅਜਿਹੇ ਵਿਚ ਡੇਰਾ ਬਾਬਾ ਨਾਨਕ 'ਚ ਪੰਜਾਬ ਸਰਕਾਰ ਨੇ ਆਪਣੀ ਰੈਲੀ ਰੱਦ ਕਰ ਦਿੱਤੀ ਹੈ।

ਉਦਘਾਟਨ ਤੋਂ ਬਾਅਦ ਰੈਲੀ ਕਰਨਗੇ ਮੋਦੀ

-ਸਵੇਰੇ ਨੌਂ ਵਜੇ ਪੀਐੱਮ ਨਰਿੰਦਰ ਮੋਦੀ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਬੇਰ ਸਾਹਿਬ 'ਚ ਨਤਮਸਤਕ ਹੋਣਗੇ।

-11 :00 ਵਜੇ ਡੇਰਾ ਬਾਬਾ ਨਾਨਕ 'ਚ ਪੈਸੰਜਰ ਟਰਮੀਨਲ ਦਾ ਉਦਘਾਟਨ ਕਰਨਗੇ।

-11:30 ਵਜੇ ਬੀਐੱਸਐੱਫ ਦੇ ਹੈੱਡਕੁਆਰਟਰ ਸ਼ਿਕਾਰ ਮਾਛੀਆਂ 'ਚ ਸੰਗਤ ਨੂੰ ਸੰਬੋਧਨ ਕਰਨਗੇ।

-12:00 ਵਜੇ ਪਹਿਲੇ ਜੱਥੇ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਈ ਰਵਾਨਾ ਕਰਨਗੇ।

ਪਾਕਿ ਨੇ ਪਲ਼-ਪਲ਼ ਬਦਲੀ ਪੈਂਤੜੇਬਾਜ਼ੀ

ਪਾਕਿਸਤਾਨ ਸ਼ੁਰੂ ਤੋਂ ਹੀ ਲਾਂਘੇ ਨੂੰ ਲੈ ਕੇ ਪੈਂਤੜੇਬਾਜ਼ੀ ਕਰਦਾ ਰਿਹਾ ਹੈ। ਪਾਕਿ ਪੀਐੱਮ ਇਮਰਾਨ ਖ਼ਾਨ ਨੇ ਪਹਿਲਾਂ ਪ੍ਰਤੀ ਸ਼ਰਧਾਲੂ 20 ਡਾਲਰ ਫੀਸ ਨਾ ਲੈਣ ਦੀ ਗੱਲ ਕਹੀ ਸੀ ਪਰ ਹੁਣ ਪਾਕਿ ਮੁੜ ਫੀਸ ਲੈਣ 'ਤੇ ਅੜ ਗਿਆ ਹੈ। ਪਾਕਿ ਫ਼ੌਜ ਪਾਸਪੋਰਟ ਨੂੰ ਲਾਜ਼ਮੀ ਦੱਸ ਰਹੀ ਹੈ ਜਦਕਿ ਇਮਰਾਨ ਨੇ ਕਿਹਾ ਕਿ ਇਹ ਜ਼ਰੂਰੀ ਨਹੀਂ ਹੈ। ਉਧਰ ਕਰਤਾਰਪੁਰ 'ਚ ਪਾਕਿ ਨੇ ਬੋਰਡ ਲਾਏ ਹਨ ਕਿ ਭਾਰਤ ਨੇ 1971 ਦੀ ਜੰਗ 'ਚ ਇਸ ਗੁਰਦੁਆਰੇ ਨੂੰ ਬੰਬ ਨਾਲ ਡੇਗਣ ਦੀ ਕੋਸ਼ਿਸ਼ ਕੀਤੀ ਸੀ। ਦੂਜੇ ਪਾਸੇ ਪਾਕਿ ਵੱਲੋਂ ਜਾਰੀ ਕੀਤੀ ਗਈ ਇਕ ਵੀਡੀਓ ਵਿਚ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਵੀ ਦਿਖਾਈ ਗਈ। ਲਾਂਘੇ ਦੇ ਨੀਂਹ-ਪੱਥਰ ਸਮਾਗਮ 'ਚ ਖ਼ਾਲਿਸਤਾਨ ਸਮੱਰਥਕ ਗੋਪਾਲ ਸਿੰਘ ਚਾਵਲਾ ਨੂੰ ਵੀ ਸ਼ਾਮਲ ਕੀਤਾ ਗਿਆ ਸੀ।