ਵਰਦੀਪ ਤੇਜਾ, ਕਾਲਾ ਅਫ਼ਗਾਨਾ - ਸਮੇਂ ਦੀਆਂ ਸਰਕਾਰਾਂ ਚਾਹੇ ਰੋਜ਼ਾਨਾ ਕਈ ਪ੍ਰਕਾਰ ਦੇ ਦਾਅਵੇ ਕਰਦੀਆਂ ਨਹੀਂ ਥੱਕਦੀਆਂ, ਪਰ ਸਰਕਾਰਾਂ ਦੇ ਵਿਕਾਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਵੱਖ-ਵੱਖ ਪਿੰਡਾਂ ਨੂੰ ਜਾਣ ਵਾਲੀਆਂ ਮੁੱਖ ਸੜਕਾਂ ਦੀ ਮਾੜੀ ਹਾਲਤ ਤੋਂ ਦੇਖਣ ਨੂੰ ਮਿਲਦੀਆਂ ਹਨ, ਜੋ ਸਰਕਾਰ ਦੇ ਵਿਕਾਸ ਕਾਰਜਾਂ ਦੀਆਂ ਪੋਲ ਖੋਲਣ ਵਿੱਚ ਕੋਈ ਕਸਰ ਨਹੀਂ ਛੱਡ ਰਹੀਆਂ। ਜਿਸਦੀ ਤਾਜ਼ਾ ਮਿਸਾਲ ਫ਼ਤਹਿਗੜ੍ਹ ਚੂੜੀਆਂ-ਬਟਾਲਾ ਮੁੱਖ ਸੜਕ ਤੋਂ ਘਣੀਏ-ਕੇ-ਬਾਂਗਰ ਪਿੰਡ ਨੂੰ ਜਾਣ ਵਾਲੀ ਸੜਕ ਤੋਂ ਮਿਲਦੀ ਹੈ, ਜਿਸ ਵਿੱਚ ਪਏ ਡੂੰਘੇ-ਡੂੰਘੇ ਟੋਏੇ ਸਰਕਾਰ ਦੀ ਮੰਦਹਾਲੀ ਦੀਆਂ ਤਸਵੀਰਾਂ ਬਿਆਨ ਕਰ ਰਹੀ ਹੈ ਅਤੇ ਬਾਰਿਸ਼ ਪੈਣ 'ਤੇ ਇਸ ਸੜਕ ਤੋਂ ਲੋਕਾਂ ਦਾ ਲੰਘਣਾ ਇਨ੍ਹਾਂ ਅੌਖਾ ਹੋ ਜਾਂਦਾ ਕਿ ਉਨ੍ਹਾਂ ਨੂੰ ਕਈ ਕਿਲੋਮੀਟਰ ਦਾ ਸਫ਼ਰ ਕਰਕੇ ਹੋਰ ਕਿਸੇ ਰਸਤੇ ਰਾਹੀਂ ਇਸ ਮੁੱਖ ਸੜਕ 'ਤੇ ਆਉਣਾ ਪੈਂਦਾ ਹੈ। ਦੱਸਣਯੋਗ ਹੈ ਕਿ ਇਹ ਘਣੀਏ-ਕੇ-ਬਾਂਗਰ ਨੂੰ ਜਾਣ ਵਾਲੀ ਮੁੱਖ ਸੜਕ ਹੈ ਅਤੇ ਇਸ ਸੜਕ 'ਤੇ ਇੱਕ ਚਰਚ ਮੌਜੂਦ ਹੈ, ਜਿਸ ਨੂੰ ਜਾਣ ਵਾਲੇ ਲੋਕਾਂ ਨੂੰ ਕਈ ਪਰੇਸ਼ੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕ ਗੰਦੇ ਪਾਣੀ ਵਿੱਚੋਂ ਗੁਜਰ ਕੇ ਆਪਣੇ ਘਰਾਂ ਅਤੇ ਚਰਚ ਨੂੰ ਜਾਂਦੇ ਹਨ। ਇਸ ਤੋਂ ਇਲਾਵਾ ਇਹ ਸੜਕ ਨਾਨਕ ਚੱਕ, ਲੰਗਰਵਾਲ, ਜੀਵਨ ਨੰਗਲ, ਭਾਲੋਵਾਲੀ ਤੋਂ ਹੁੰਦੀ ਹੋਈ ਅੰਮਿ੍ਰਤਸਰ ਜਾਣ ਲਈ ਜੁੜ ਜਾਂਦੀ ਹੈ, ਜਿਸ ਤੋਂ ਲੋਕ ਡਾਅਢੇ ਅੌਖੇ ਵਿਖਾਈ ਦੇ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਵੱਲੋਂ ਇੱਕ ਪਾਸੇ ਆਪਣੀ ਸਰਕਾਰ ਦੀਆਂ 21 ਮਹੀਨੇ ਦੀਆਂ ਪ੍ਰਾਪਤੀਆਂ ਦੇ ਹੋਰਡਿੰਗ ਲਗਾ ਕੇ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ ਪਰ ਦੂਜੇ ਪਾਸੇ ਸੂਬੇ ਦੇ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਦੀ ਹਾਲਤ ਬਦ ਤੋਂ ਬਦਤਰ ਬਣੀ ਹੋਈ ਹੈ, ਜਿਸ ਵੱਲ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦਾ ਧਿਆਨ ਨਹੀਂ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਇਸ ਸੜਕ 'ਤੇ ਕਈ ਵੱਡੇ ਹਾਦਸੇ ਵਾਪਰਦੇ ਹਨ, ਜਿਸ ਨਾਲ ਲੋਕ ਜ਼ਖ਼ਮੀ ਵੀ ਹੁੰਦੇ ਹਨ ਪਰ ਅੱਜ ਇਸ ਸੜਕ ਵਿੱਚ ਸੁਧਾਰ ਨਹੀਂ ਹੋਇਆ। ਲੋਕਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਕੈਬਨਿਟ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਕੋਲੋਂ ਮੰਗ ਕੀਤੀ ਹੈ ਕਿ ਇਸ ਸੜਕ ਨੂੰ ਮੁੜ ਤੋਂ ਚੰਗੇ ਢੰਗ ਨਾਲ ਬਣਵਾਇਆ ਜਾਵੇ ਤਾਂ ਜੋ ਰਾਹਗੀਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।