ਆਕਾਸ਼, ਗੁਰਦਾਸਪੁਰ : ਰੇਲਵੇ ਵਿਭਾਗ ਵੱਲੋਂ ਗੁਰਦਾਸਪੁਰ ਦੀ ਤਿੱਬੜੀ ਰੋਡ 'ਤੇ ਪੈਂਦੇ ਰੇਲਵੇ ਕਰਾਸਿੰਗ 'ਤੇ ਬਣਾਏ ਜਾਣ ਵਾਲੇ ਅੰਡਰਬਿ੍ਜ ਦੇ ਹਿੱਸੇ ਦਾ ਕੰਮ ਵੀ ਵੀਰਵਾਰ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਦਾ ਉਦਘਾਟਨ ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਕੀਤਾ। ਇਸ ਮੌਕੇ ਉਨਾਂ੍ਹ ਨਾਲ ਰੇਲਵੇ ਵਿਭਾਗ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਰਤਨ ਸਿੰਘ ਅਤੇ ਲੋਕ ਨਿਰਮਾਣ ਵਿਭਾਗ ਦੇ ਜੇਈ ਲਖਬੀਰ ਸਿੰਘ ਵੀ ਹਾਜ਼ਰ ਸਨ। ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਦੱਸਿਆ ਕਿ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੱਲੋਂ 2017 ਦੀਆਂ ਚੋਣਾਂ ਦੌਰਾਨ ਹਲਕਾ ਵਾਸੀਆਂ ਨਾਲ ਦੋ ਵੱਡੇ ਵਾਅਦੇ ਕੀਤੇ ਗਏ ਸਨ। ਤਿੱਬੜੀ ਰੋਡ 'ਤੇ ਅੰਡਰਬਿ੍ਜ ਤੇ ਬੱਸ ਸਟੈਂਡ ਸਮੇਤ। ਦੋਵਾਂ ਦਾ ਕੰਮ ਸ਼ੁਰੂ ਹੋ ਗਿਆ ਹੈ ਜਿਸ ਨੂੰ ਅਗਲੇ ਕੁਝ ਮਹੀਨਿਆਂ ਦੌਰਾਨ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅੰਡਰਬਿ੍ਜ 'ਤੇ ਰੇਲਵੇ ਵਿਭਾਗ ਵੱਲੋਂ ਖਰਚ ਕੀਤੇ ਜਾਣ ਵਾਲੇ ਪੂਰੇ 10 ਕਰੋੜ ਰੁਪਏ ਵੀ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਹਨ। ਉਨਾਂ੍ਹ ਕਿਹਾ ਕਿ ਵਿਰੋਧੀਆਂ ਵੱਲੋਂ ਲੋਕਾਂ ਵਿਚ ਇਹ ਝੂਠਾ ਭਰਮ ਪੈਦਾ ਕੀਤਾ ਜਾ ਰਿਹਾ ਹੈ ਕਿ ਤਿੱਬੜੀ ਰੋਡ 'ਤੇ ਨਿਕਾਸੀ ਨਾਲੇ 'ਤੇ ਬਣ ਰਹੇ ਪੁਲ ਨੂੰ ਅੰਡਰਬਿ੍ਜ ਦੱਸਿਆ ਜਾ ਰਿਹਾ ਹੈ। ਜਦੋਂਕਿ ਅੰਡਰਬਿ੍ਜ ਦੇ ਹੇਠਾਂ ਲੋਕ ਨਿਰਮਾਣ ਵਿਭਾਗ ਨੇ ਪਿਛਲੇ ਕੁਝ ਦਿਨਾਂ ਤੋਂ ਆਪਣੇ ਹਿੱਸੇ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਅਤੇ ਅੱਜ ਤੋਂ ਰੇਲਵੇ ਵਿਭਾਗ ਨੇ ਵੀ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਉਕਤ ਲੋਕਾਂ ਦਾ ਅਸਲ ਚਿਹਰਾ ਲੋਕਾਂ ਦੇ ਸਾਹਮਣੇ ਆ ਜਾਵੇਗਾ। ਇਸ ਤੋਂ ਇਲਾਵਾ ਸ਼ਹਿਰ ਵਿਚ ਵੱਡੇ ਪੱਧਰ 'ਤੇ ਵਿਕਾਸ ਕਾਰਜ ਚੱਲ ਰਹੇ ਹਨ ਜਿਸ ਦੇ ਮੁਕੰਮਲ ਹੋਣ ਤੋਂ ਬਾਅਦ ਹਲਕਾ ਵਿਕਾਸ ਦੇ ਰੂਪ ਵਿਚ ਇਹ ਪੰਜਾਬ ਦੇ ਅਗਾਂਹਵਧੂ ਸਰਕਲਾਂ ਦੀ ਕਤਾਰ ਵਿੱਚ ਸ਼ਾਮਲ ਹੋ ਜਾਵੇਗਾ।

ਰੇਲਵੇ ਵਿਭਾਗ ਦੇ ਸਹਾਇਕ ਕਾਰਜਕਾਰੀ ਇੰਜਨੀਅਰ ਰਤਨ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਟੈਂਡਰ ਜਾਰੀ ਕਰਨ ਮਗਰੋਂ ਵੀਰਵਾਰ ਤੋਂ ਪੁਲ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪੁਲ 'ਤੇ ਦਸ ਕਰੋੜ ਰੁਪਏ ਖਰਚ ਕੀਤੇ ਜਾਣਗੇ, ਜੋ ਕਿ ਪੰਜਾਬ ਸਰਕਾਰ ਵੱਲੋਂ ਵਿਭਾਗ ਨੂੰ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਪੁਲ ਦਾ ਕੰਮ ਛੇ ਮਹੀਨਿਆਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ।

ਲੋਕ ਨਿਰਮਾਣ ਵਿਭਾਗ ਦੇ ਜੇਈ ਲਖਬੀਰ ਸਿੰਘ ਨੇ ਦੱਸਿਆ ਕਿ ਉਕਤ ਪੁਲ 'ਤੇ ਕਰੀਬ 20.70 ਕਰੋੜ ਰੁਪਏ ਖਰਚ ਕੀਤੇ ਜਾਣਗੇ, ਜਿਸ ਵਿਚੋਂ 10 ਕਰੋੜ ਰੁਪਏ ਰੇਲਵੇ ਵਿਭਾਗ ਵੱਲੋਂ ਤੇ 10.70 ਕਰੋੜ ਰੁਪਏ ਲੋਕ ਨਿਰਮਾਣ ਵਿਭਾਗ ਵੱਲੋਂ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਕਾਫੀ ਕੰਮ ਮੁਕੰਮਲ ਹੋ ਚੁੱਕਾ ਹੈ। ਜਦੋਂਕਿ ਹੁਣ ਰੇਲਵੇ ਵਿਭਾਗ ਵੱਲੋਂ ਆਪਣੇ ਹਿੱਸੇ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ।