ਸੁਖਦੇਵ ਸਿੰਘ, ਬਟਾਲਾ

ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ 'ਚ ਮਰੀਜ਼ਾਂ ਦੀ ਗਿਣਤੀ ਵਧਣ ਨਾਲ ਓਪੀਡੀ ਦਾ ਵਾਧਾ ਹੋਇਆ ਹੈ। ਕੁਝ ਸਪੈਸ਼ਲਿਸਟ ਡਾਕਟਰਾਂ ਦੀ ਘਾਟ ਦੇ ਬਾਵਜੂਦ ਓਪੀਡੀ ਕੇਸਾਂ 'ਚ ਨਿਰੰਤਰ ਵਾਧਾ ਹੋ ਰਿਹਾ ਹੈ। ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ 80 ਬਿਸਤਰਿਆਂ ਦਾ ਹਸਪਤਾਲ ਹੈ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਬਾਅਦ ਦੂਜਾ ਵੱਡਾ ਸਰਕਾਰੀ ਹਸਪਤਾਲ ਹੋਣ ਕਾਰਨ ਆਸ ਪਾਸ ਖੇਤਰਾਂ ਤੋਂ ਵੱਡੀ ਗਿਣਤੀ 'ਚ ਮਰੀਜ਼ ਇਲਾਜ ਲਈ ਆਉਂਦੇ ਹਨ। ਸਿਵਲ ਹਸਪਤਾਲ ਬਟਾਲਾ 'ਚ ਕਾਦੀਆਂ, ਫ਼ਤਹਿਗੜ੍ਹ ਚੂੜੀਆਂ, ਸ੍ਰੀ ਹਰਗੋਬਿੰਦਪੁਰ, ਡੇਰਾ ਬਾਬਾ ਨਾਨਕ ਤੋਂ ਐਮਰਜੈਂਸੀ ਜੇਵੀ ਇੱਥੇ ਮਰੀਜ਼ ਆਉਂਦੇ ਹਨ, ਹਾਲਾਂਕਿ ਪਿਛਲੇ ਸਮੇਂ 'ਚ ਇਸ ਹਸਪਤਾਲ 'ਚ ਵੱਡੀਆਂ ਘਾਟਾਂ ਸਾਹਮਣੇ ਆਉਂਦੀਆਂ ਰਹੀਆਂ ਹਨ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਇਸ 'ਚ ਵੱਡਾ ਸੁਧਾਰ ਦੇਖਣ ਨੂੰ ਮਿਲਿਆ ਹੈ। ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਦੇ ਯਤਨਾਂ ਨਾਲ ਸਿਵਲ ਹਸਪਤਾਲ 'ਚ 10 ਸਾਲ ਬਾਅਦ ਅਲਟਰਾਸਾਊਂਡ ਦੀ ਮਸ਼ੀਨ ਦੀ ਸਹੂਲਤ ਅੌਰਤ ਮਰੀਜ਼ਾਂ ਨੂੰ ਮਿਲੀ ਹੈ।ਅਲਟਰਾਸਾਊਂਡ ਮਸ਼ੀਨ ਲੱਗਣ ਨਾਲ ਸਭ ਤੋਂ ਵੱਡੀ ਸਹੂਲਤ ਗਰਭਵਤੀ ਅੌਰਤਾਂ ਨੂੰ ਮਿਲੀ ਹੈ। ਸਿਵਲ ਹਸਪਤਾਲ ਬਟਾਲਾ ਦੇ ਐੱਸਐੱਮਓ ਡਾ. ਰਵਿੰਦਰ ਸਿੰਘ ਨੇ ਪੰਜਾਬੀ ਜਾਗਰਣ ਨੂੰ ਦੱਸਿਆ ਕਿ ਹਸਪਤਾਲ ਅੰਦਰ ਸਪੈਸ਼ਲਿਸਟ ਡਾਕਟਰਾਂ ਦੀਆਂ 12 ਸੀਟਾਂ ਹਨ, ਜਿਨਾਂ੍ਹ 'ਚ 9 ਸਪੈਸ਼ਲਿਸਟ ਡਾਕਟਰ ਸੇਵਾਵਾਂ ਨਿਭਾਅ ਰਹੇ ਹਨ, ਜਦਕਿ 3 ਸਪੈਸ਼ਲਿਸਟ ਡਾਕਟਰਾਂ ਦੀ ਘਾਟ ਰੜਕ ਰਹੀ ਹੈ।

ਰੋਜ਼ਾਨਾ ਕਰੀਬ 700 ਮਰੀਜ਼ਾਂ ਦੀ ਓਪੀਡੀ ਕੀਤੀ ਜਾਂਦੀ ਹੈ

ਐੱਸਐੱਮਓ ਡਾ. ਰਵਿੰਦਰ ਸਿੰਘ ਦੱਸਿਆ ਕਿ ਸਿਵਲ ਹਸਪਤਾਲ ਅੰਦਰ ਮਰੀਜ਼ਾਂ ਦੀ ਗਿਣਤੀ ਵੱਧਣ ਨਾਲ ਰੋਜ਼ਾਨਾ 400 ਤੋਂ 700 ਮਰੀਜ਼ਾਂ ਦਾ ਚੈੱਕਅੱਪ ਕੀਤਾ ਜਾਂਦਾ ਹੈ। ਉਨਾਂ੍ਹ ਦੱਸਿਆ ਕਿ ਤਕਰੀਬਨ ਹਰ ਮਹੀਨੇ 20 ਹਜ਼ਾਰ ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਂਦਾ ਹੈ ਤੇ ਉਨਾਂ੍ਹ ਨੂੰ ਹਸਪਤਾਲ ਅੰਦਰੋਂ ਹੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਉਨਾਂ੍ਹ ਦੱਸਿਆ ਕਿ ਸਿਵਲ ਹਸਪਤਾਲ ਅੰਦਰ ਆਪਰੇਸ਼ਨ ਵੀ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਕਲੀਨਿਕਲ ਲੈਬ ਨੂੰ ਵੀ ਵੱਡਾ ਕੀਤਾ ਗਿਆ ਹੈ।

ਮਰੀਜ਼ਾਂ ਦੀ ਵਧੀ ਗਿਣਤੀ ਨੂੰ ਦੇਖਦਿਆਂ 6 ਕਾਊਂਟਰ ਪਰਚੀਆਂ ਲਈ ਕੀਤੇ ਹਨ ਸਥਾਪਤ

ਡਾ. ਰਵਿੰਦਰ ਸਿੰਘ ਨੇ ਦੱਸਿਆ ਕਿ ਮਰੀਜ਼ਾਂ ਦੀ ਵਧ ਰਹੀ ਗਿਣਤੀ ਨੂੰ ਮੁੱਖ ਰੱਖਦਿਆਂ ਅਤੇ ਮਰੀਜ਼ਾਂ ਨੂੰ ਲੰਮੀਆਂ ਲਾਈਨਾਂ ਤੋਂ ਨਿਜਾਤ ਦੇਣ ਲਈ ਪਰਚੀ ਬਣਾਉਣ ਲਈ ਚੱਲ ਰਹੇ 3 ਕਾਊਂਟਰਾਂ ਤੋਂ 6 ਕਾਊਂਟਰ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਮਰੀਜ਼ਾਂ ਦੇ ਬੈਠਣ ਲਈ ਨਵੀਂਆਂ ਕੁਰਸੀਆਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ ਅਤੇ ਐਮਰਜੈਂਸੀ ਸੇਵਾਵਾਂ 'ਚ ਵੀ ਵੱਡੇ ਪੱਧਰ 'ਤੇ ਸੁਧਾਰ ਕੀਤਾ ਜਾ ਰਿਹਾ ਹੈ।

3 ਮਾਹਰ ਡਾਕਟਰਾਂ ਦੀ ਹੈ ਘਾਟ

ਐੱਸਐੱਮਓ ਡਾ. ਰਵਿੰਦਰ ਸਿੰਘ ਨੇ ਦੱਸਿਆ ਕਿ ਹਸਪਤਾਲ ਅੰਦਰ ਈਐੱਨਟੀ, ਦਿਮਾਗੀ ਰੋਗਾਂ ਅਤੇ ਫੋਰੈਂਸਿਕ ਡਾਕਟਰਾਂ ਦੀ ਘਾਟ ਹੈ ਅਤੇ ਇਸ ਘਾਟ ਸਬੰਧੀ ਸਿਵਲ ਸਰਜਨ ਗੁਰਦਾਸਪੁਰ ਅਤੇ ਸਿਹਤ ਵਿਭਾਗ ਚੰਡੀਗੜ੍ਹ ਨੂੰ ਲਿਖ ਕੇ ਭੇਜਿਆ ਹੋਇਆ ਹੈ।