ਸੁਖਦੇਵ ਸਿੰਘ, ਬਟਾਲਾ: ਬਟਾਲਾ ਦੇ ਧੀਰ ਰੋਡ 'ਤੇ ਸਥਿਤ ਘਰ ਦੀ ਛੱਤ ਤੋਂ ਲੰਘਦੀਆਂ 11ਕੇਵੀ ਤਾਰਾਂ ਦੀ ਲਪੇਟ ਵਿਚ ਆਉਣ ਨਾਲ ਘਰ ਦਾ ਮਾਲਕ ਝੁਲਸ ਗਿਆ ਹੈ, ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਝੁਲਸੇ ਵਿਅਕਤੀ ਦੀ ਪਛਾਣ ਕਿਸ਼ੋਰ ਦਾਸ ਵਾਸੀ ਛਪਰਾ ਬਿਹਾਰ ਹਾਲ ਵਾਸੀ ਧੀਰ ਰੋਡ ਬਟਾਲਾ ਵਜੋਂ ਹੋਈ ਹੈ।

ਝੁਲਸੇ ਕਿਸ਼ੋਰ ਦੇ ਭਰਾ ਅਖਿਲੇਸ਼ ਨੇ ਦੱਸਿਆ ਕਿ ਭਰਾ ਆਪਣੇ ਘਰ ਦੀ ਛੱਤ ਉਤੇ ਬਾਥਰੂਮ ਬਣਾ ਰਿਹਾ ਸੀ ਕਿ ਉਸ ਦੇ ਘਰ ਦੇ ਉੱਪਰੋਂ ਲੰਘਦੀ 11ਕੇਵੀ ਹਾਈਵੋਲਟੇਜ ਤਾਰਾਂ ਦੇ ਕਰੰਟ ਨੇ ਉਸ ਨੂੰ ਲਪੇਟ ਵਿਚ ਲੈ ਲਿਆ। ਭਰਾ ਮੁਤਾਬਕ ਗੰਭੀਰ ਝੁਲਸੇ ਕਿਸ਼ੋਰ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਅਖਿਲੇਸ਼ ਨੇ ਬਿਜਲੀ ਬੋਰਡ ਵਿਭਾਗ 'ਤੇ ਦੋਸ਼ ਲਾਇਆ ਕਿ ਹਾਈਵੋਲਟੇਜ਼ ਤਾਰਾਂ ਹਟਾਉਣ ਲਈ ਕਈ ਵਾਰ ਲਿਖਤੀ ਦਰਖ਼ਾਸਤ ਦਿੱਤੀ ਗਈ ਹੈ ਪਰ ਮਹਿਕਮੇ ਨੇ ਕੋਈ ਕਾਰਵਾਈ ਨਹੀਂ ਕੀਤੀ।

ਘਟਨਾ ਦੀ ਜਾਂਚ ਕਰਵਾਈ ਜਾਵੇਗੀ : ਐੱਸਡੀਓ

ਇਸ ਸਬੰਧੀ ਜਦ ਬਿਜਲੀ ਬੋਰਡ ਦੇ ਸਬ-ਡਵੀਜ਼ਨ ਉੱਤਰੀ ਦੇ ਐੱਸਡੀਓ ਸੁਖਜਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਘਟਨਾ ਬਾਰੇ ਜਾਂਚ ਕਰਾਉਣਗੇ, ਘਰ ਦੇ ਮਾਲਕ ਨੇ ਵਿਭਾਗ ਦੀ ਮਨਜ਼ੂਰੀ ਤੋਂ ਬਿੰਨਾਂ ਆਪਣੇ ਰਿਸਕ 'ਤੇ ਛੱਤ ਉਤੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਹੈ। ਜਾਂਚ ਤੋਂ ਬਾਅਦ ਅਗਲੇਰੀ ਕਾਰਵਾਈ ਕਰਾਂਗੇ।