ਸੁਖਦੇਵ ਸਿੰਘ, ਬਟਾਲਾ : ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਤੇ ਮਹਾ-ਪੰਚਾਇਤਾਂ ਦੀ ਲੜੀ ਤਹਿਤ ਬਟਾਲਾ 'ਚ ਨੌਜਵਾਨਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ ਕਿਸਾਨ, ਮਜ਼ਦੂਰ, ਵਪਾਰੀ ਮਹਾਰੈਲੀ ਕਰਵਾਈ ਗਈ। ਮਹਾਰੈਲੀ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਦੇਸ਼ ਦਾ ਹਾਕਮ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਕੋਲ ਵੇਚ ਰਿਹਾ ਹੈ। ਤਿੰਨ ਕਾਲੇ ਕਾਨੂੰਨ ਪਾਸ ਕਰ ਕੇ ਕੇਂਦਰ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਦਾਅਵਾ ਕਰ ਰਹੀ ਹੈ ਜਦਕਿ ਅਸਲੀਅਤ ਇਹ ਹੈ ਕਿ ਇਨ੍ਹਾਂ ਕਾਲੇ ਕਾਨੂੰਨਾਂ ਦੇ ਨਾਲ ਕਿਸਾਨਾਂ ਦੀ ਨਹੀਂ, ਸਗੋਂ ਕਾਰਪੋਰੇਟ ਘਰਾਣਿਆਂ ਦੀ ਆਮਦਨ ਦੁੱਗਣੀ ਹੋ ਜਾਵੇਗੀ।

ਉਨ੍ਹਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਕਿਸਾਨ ਦੇਸ਼ ਦੇ ਵਿਕਾਸ 'ਚ 60 ਫੀਸਦੀ ਯੋਗਦਾਨ ਪਾਉਂਦਾ ਆ ਰਿਹਾ ਹੈ। ਕਿਸਾਨਾਂ ਦੇ ਸਿਰ 'ਤੇ ਜੋ ਕਰਜ਼ਾ ਹੈ ਉਸ ਤੋਂ ਚਾਰ ਗੁਣਾ ਜ਼ਿਆਦਾ ਕਰਜ਼ਾ ਪੂੰਜੀਪਤੀਆਂ ਦੇ ਸਿਰ ਹੈ ਅਤੇ ਪੂੰਜੀਪਤੀ ਕਰਜ਼ਾ ਲੈ ਕੇ ਬਾਹਰਲੇ ਮੁਲਕਾਂ ਵੱਲ ਦੌੜ ਗਏ ਹਨ ਕਿਉਂਕਿ ਉਨ੍ਹਾਂ ਨੂੰ ਸਰਕਾਰਾਂ ਦੀ ਸ਼ਹਿ ਪ੍ਰਰਾਪਤ ਹੈ। ਕਿਸੇ ਵੀ ਪੂੰਜੀਪਤੀ ਨੇ ਆਤਮਹੱਤਿਆ ਨਹੀਂ ਕੀਤੀ ਜਦਕਿ ਦੇਸ਼ ਦਾ ਅੰਨਦਾਤਾ ਖੁਦਕੁਸ਼ੀਆਂ ਕਰ ਰਿਹਾ ਹੈ ਜਿਸ ਤੋਂ ਸਰਕਾਰਾਂ ਦੀ ਨਾਲਾਇਕੀ ਸਾਹਮਣੇ ਆਉਂਦੀ ਹੈ।

ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ 'ਤੇ 130 ਦਿਨ ਹੋ ਗਏ ਹਨ ਸੰਘਰਸ਼ ਕਰਦਿਆਂ ਪਰ ਹੰਕਾਰੀ ਰਾਜਾ ਕਿਸਾਨਾਂ ਦੀ ਬਾਤ ਨਹੀਂ ਪੁੱਛ ਰਿਹਾ। ਕਾਲੇ ਕਾਨੂੰਨ ਰੱਦ ਹੋਣ ਤੋਂ ਬਾਅਦ ਹੀ ਕਿਸਾਨ ਦਿੱਲੀ ਤੋਂ ਵਾਪਸ ਮੁੜਨਗੇ।

ਮੋਰਚੇ ਦੇ ਆਗੂ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕਿ ਮਰ ਜਾਵਾਂਗੇ ਪਰ ਕਾਨੂੰਨ ਰੱਦ ਕਰਾਉਣ ਤੋਂ ਬਗੈਰ ਵਾਪਸ ਨਹੀਂ ਮੁੜਾਂਗੇ। ਕੁਲਵੰਤ ਸਿੰਘ ਸੰਧੂ ਪ੍ਰਧਾਨ ਜਮਹੂਰੀ ਕਿਸਾਨ ਸਭਾ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਕੋਈ ਵੀ ਕਿਸਾਨ ਕਣਕ ਦੀ ਖ਼ਰੀਦ ਸਮੇਂ ਜਮ੍ਹਾਂਬੰਦੀ ਨਹੀਂ ਦਿਖਾਏਗਾ।

ਮਹਾਰੈਲੀ ਨੂੰ ਨਵਦੀਪ ਸਿੰਘ ਹਰਿਆਣਵੀ, ਗੁਰਦੀਪ ਸਿੰਘ ਰੰਧਾਵਾ ਪ੍ਰਧਾਨ ਬਾਰ ਐਸੋਸੀਏਸ਼ਨ, ਮਨਬੀਰ ਸਿੰਘ ਰੰਧਾਵਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਮਾ. ਬਲਜੀਤ ਸਿੰਘ ਕਾਲਾਨੰਗਲ ਆੜ੍ਹਤੀਆ ਐਸੋਸੀਏਸ਼ਨ ਆਗੂ ਜਥੇਦਾਰ ਗੁਰਬਿੰਦਰ ਸਿੰਘ ਜੌਲੀ, ਸਾਹਿਬਜੀਤ ਸਿੰਘ ਪ੍ਰਮਾਰ ਪ੍ਰਧਾਨ ਰੰਗੜ ਨੰਗਲ ਮੰਡੀ, ਬਲਦੇਵ ਸਿੰਘ ਸੇਖਵਾਂ, ਜਥੇਦਾਰ ਕੁਲਵਿੰਦਰ ਸਿੰਘ ਗੌਂਸਪੁਰ, ਪਰਵਿੰਦਰ ਸਿੰਘ ਘਣੀਆ, ਗੁਰਪ੍ਰਰੀਤ ਸਿੰਘ ਛੀਨਾ, ਰਣਧੀਰ ਸਿੰਘ ਘੁੰਮਣ, ਐੱਸਡੀਓ ਬਲਦੇਵ ਸਿੰਘ ਵਡਾਲਾ ਬਾਂਗਰ, ਮਨਜਿੰਦਰ ਸਿੰਘ ਬਲ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

ਰੈਲੀ ਦੇ ਪ੍ਰਬੰਧਕ ਗੋਲਡੀ ਮਾਨੇਪੁਰ, ਜਸਕਰਨ ਸਿੰਘ ਕਾਹਲੋਂ, ਜੋਬਨ ਰੰਧਾਵਾ, ਗੁਰਮੀਤ ਸਿੰਘ ਸੀਕਰੀ, ਐਡਵੋਕੇਟ ਅਮਨਦੀਪ ਸਿੰਘ ਘੁੰਮਣ, ਪ੍ਰਰੀਤ ਕਾਹਲੋਂ, ਮਨਦੀਪ ਸਿੰਘ ਪੰਨੂੰ, ਸਰਵਪ੍ਰਰੀਤ ਸਿੰਘ ਕਾਹਲੋਂ, ਮਨਿੰਦਰਜੀਤ ਸਿੰਘ ਬਲ, ਗੁਰਕੀਰਤ ਸਿੰਘ ਲੰਬੜਦਾਰ, ਰੁਪਿੰਦਰ ਸਿੰਘ ਸ਼ਾਮਪੁਰਾ, ਅਜੇਪਾਲ ਸਿੰਘ, ਅਮਰਜੀਤ ਸਿੰਘ ਮੋਹੀ, ਤੇਜਬੀਰ ਸਿੰਘ ਅੰਬਾਲਾ, ਗੁਰਸੇਵਕ ਸਿੰਘ ਮੁਹਾਰ, ਪਰਮਜੀਤ ਸਿੰਘ ਵੜੈਚ, ਹਰਜਿੰਦਰ ਸਿੰਘ ਹਰੂਵਾਲ, ਕੰਵਲਜੀਤ ਸਿੰਘ ਸ਼ਾਹ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਰੈਲੀ 'ਚ ਬਾਬਾ ਅਮਰੀਕ ਸਿੰਘ ਨਿੱਕੇ ਘੁੰਮਣ ਅਤੇ ਹੋਰਨਾਂ ਵੱਲੋਂ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ।

ਗਾਇਕਾਂ ਨੇ ਵੀ ਕੀਤੀ ਸ਼ਮੂਲੀਅਤ

ਬਟਾਲਾ ਦੀ ਕਿਸਾਨ ਵਪਾਰੀ ਮਜ਼ਦੂਰ ਮਹਾਰੈਲੀ 'ਚ ਪ੍ਰਸਿੱਧ ਗਾਇਕਾ ਦੇਬੀ ਮਖਸੂਸਪੁਰੀ, ਜੈਲੀ ਮਨਜੀਤਪੁਰੀ, ਰਣਜੀਤ ਰਾਣਾ, ਬੀਰ ਸਿੰਘ, ਕਮਲ ਖਾਨ, ਸੱਜਣਦੀਪ ਸਿੰਘ, ਰੇਸ਼ਮ ਬਾਈ ਆਦਿ ਨੇ ਵੀ ਰੈਲੀ 'ਚ ਸ਼ਮੂਲੀਅਤ ਕਰਕੇ ਆਪਣੇ ਸੰਬੋਧਨ ਰਾਹੀਂ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ। ਕੌਮਾਂਤਰੀ ਹਾਕੀ ਖਿਡਾਰੀ ਹਰਮਨਜੀਤ ਸਿੰਘ ਵੀ ਵਿਸ਼ੇਸ਼ ਤੌਰ ਤੇ ਪਹੁੰਚਿਆ।

ਕਿਸਾਨਾਂ ਨੇ ਸਰਕਾਰੀ ਹੁਕਮਾਂ ਦੀ ਨਹੀਂ ਕੀਤੀ ਪ੍ਰਵਾਹ

ਪੰਜਾਬ ਸਰਕਾਰ ਵੱਲੋਂ ਲਾਈਆਂ ਪਾਬੰਦੀਆਂ ਦੇ ਤਹਿਤ ਕੈਪਟਨ ਸਰਕਾਰ ਨੇ ਰੈਲੀਆਂ ਆਦਿ ਕਰਨ ਤੇ ਬੀਤੀ ਸ਼ਾਮ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਸੀ, ਪਰ ਬਟਾਲਾ ਦੀ ਦਾਣਾ ਮੰਡੀ 'ਚ ਹੋਈ ਕਿਸਾਨ ਮਹਾਰੈਲੀ ਨੇ ਦੇ ਇਕੱਠ ਨੇ ਸਰਕਾਰੀ ਹੁਕਮਾਂ ਨੂੰ ਅੱਖੋਂ-ਪਰੋਖੇ ਕਰਕੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ। ਰੈਲੀ 'ਚ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਬਟਾਲਾ ਪੁਲਿਸ ਨੇ ਵੱਡੇ ਪੱਧਰ 'ਤੇ ਪ੍ਰਬੰਧ ਕੀਤੇ ਹੋਏ ਸਨ।