ਸ਼ਾਮ ਸਿੰਘ ਘੁੰਮਣ, ਦੀਨਾਨਗਰ-

ਰੱਖੜੀ ਦਾ ਤਿਓਹਾਰ ਹੋਵੇ ਅਤੇ ਭੈਣ ਨੂੰ ਭਰਾ ਦੀ ਯਾਦ ਨਾ ਆਵੇ ਅਜਿਹਾ ਤਾਂ ਨਹੀਂ ਹੋ ਸਕਦਾ ਪਰ ਜੇਕਰ ਕਿਸੇ ਅਭਾਗੀ ਭੈਣ ਦਾ ਭਰਾ ਇਸ ਦੁਨੀਆਂ ਵਿੱਚ ਹੀ ਨਾ ਹੋਵੇ ਤਾਂ ਉਸ ਭੈਣ ਉੱਤੇ ਕੀ ਬੀਤਦੀ ਹੋਵੇਗੀ ਇਹ ਤਾਂ ਸਿਰਫ ਉਹ ਭੈਣ ਹੀ ਜਾਣਦੀ ਹੈ ਜਾਂ ਫਿਰ ਰੱਬ। ਪਰ ਇਕ ਅਜਿਹੀ ਭੈਣ ਵੀ ਸੀ, ਜਿਸਨੇ ਅਪਣੇ 1971 ਦੀ ਭਾਰਤ ਪਾਕਿਸਤਾਨ ਜੰਗ ਵਿੱਚ ਸ਼ਹੀਦ ਹੋਏ ਅਪਣੇ ਫੌਜੀ ਭਰਾ ਦੇ ਇਸ ਦੁਨੀਆਂ ਤੋਂ ਤੁਰ ਜਾਣ ਦੇ ਮਗਰੋਂ ਵੀ ਰੱਖੜੀ ਦੀ ਇਹ ਪਵਿੱਤਰ ਰਵਾਇਤ ਕਾਇਮ ਰੱਖੀ ਅਤੇ ਸਿਰਫ ਇੰਨਾ ਹੀ ਨਹੀਂ ਹੁਣ ਉਸ ਭੈਣ ਦੇ ਇਸ ਦੁਨੀਆਂ ਤੋਂ ਕੂਚ ਕਰ ਜਾਣ ਮਗਰੋਂ ਵੀ ਰੱਖੜੀ ਦੀ ਇਹ ਰਵਾਇਤ ਨਿਰੰਤਰ ਜਾਰੀ ਹੈ ਅਤੇ ਇਸਨੂੰ ਜਾਰੀ ਰੱਖਿਆ ਹੋਇਆ ਹੈ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰੀਸ਼ਦ ਨੇ। ਇਸ ਵਾਰ ਪਿੰਡ ਦੀਆਂ ਧੀਆਂ ਸੰਦੀਪ ਕੌਰ ਤੇ ਹਰਮਨਪ੍ਰਰੀਤ ਕੌਰ ਨੇ ਪਰੀਸ਼ਦ ਦੇ ਮੈਂਬਰਾਂ ਦੇ ਨਾਲ ਸ਼ਹੀਦ ਦੀ ਸਮਾਧ ਤੇ ਰੱਖੜੀ ਬੰਨਣ ਦੀ ਇਹ ਰਵਾਇਤ ਨੂੰ ਪੂਰਾ ਕੀਤਾ। ਨਾਲ ਹੀ ਉਹਨਾਂ ਨੇ ਬੀਐਸਐਫ ਪੋਸਟ ਤੇ ਤੈਨਾਤ ਜਵਾਨਾਂ ਦੇ ਵੀ ਰੱਖੜੀ ਬੰਨੀ। ਇਸ ਮੌਕੇ ਤੇ ਸ਼ਹੀਦ ਕਰਨਲ ਕੇ ਐਲ ਗੁਪਤਾ ਦੇ ਭਰਾ ਸੁਰਿੰਦਰ ਗੁਪਤਾ, ਸ਼ਹੀਦ ਸਿਪਾਹੀ ਦੀਵਾਨ ਚੰਦ ਦੀ ਪਤਨੀ ਸੁਮਿੱਤਰਾ ਦੇਵੀ, ਬੇਟਾ ਲਾਲ ਚੰਦ, ਸ਼ਹੀਦ ਸਿਪਾਹੀ ਅਸ਼ਵਨੀ ਕੁਮਾਰ ਦੇ ਭਰਾ ਬੂਈ ਲਾਲ, ਸ਼ਹੀਦ ਸਿਪਾਹੀ ਜਤਿੰਦਰ ਕੁਮਾਰ ਦੇ ਪਿਤਾ ਰਜੇਸ਼ ਕੁਮਾਰ, ਸ਼ਹੀਦ ਕਾਂਸਟੇਬਲ ਮਨਿੰਦਰ ਸਿੰਘ ਦੇ ਪਿਤਾ ਸੱਤਪਾਲ ਅਤਰੀ, ਸ਼ਹੀਦ ਕਾਂਸਟੇਬਲ ਮਨਦੀਪ ਕੁਮਾਰ ਦੇ ਪਿਤਾ ਨਾਨਕ ਚੰਦ, ਸੂਬੇਦਾਰ ਸ਼ਕਤੀ ਪਠਾਣੀਆਂ, ਸਰਪੰਚ ਸੁਰਜੀਤ ਸਿੰਘ, ਸੂਬੇਦਾਰ ਮੇਜਰ ਅਮਰਦੀਪ, ਇੰਸਪੈਕਟਰ ਲਵਜਨ ਏ, ਐਸਆਈ ਲਕਸ਼ਮਨ, ਹੈਡ ਕਾਂਸਟੇਬਲ ਪ੍ਰਕਾਸ਼ ਚੰਦ, ਰਾਮ ਬਹਾਦੁਰ, ਵਿਜੇਂਦਰ ਸਿੰਘ ਅਤੇ ਮਹਿਰਾਜ ਵੀ ਹਾਜਰ ਸਨ।

ਪਿਛਲੇ ਪੰਜਾਹ ਵਰਿ੍ਹਆਂ ਤੋਂ ਸ਼ਹੀਦ ਦੀ ਸਮਾਧ ਤੇ ਬੰਨ੍ਹੀ ਜਾ ਰਹੀ ਹੈ ਰੱਖੜੀ

ਭਾਰਤ ਪਾਕਿਸਤਾਨ ਸਰਹੱਦ ਤੇ ਜੀਰੋ ਲਾਇਨ ਉੱਤੇ ਸਥਿਤ ਪਿੰਡ ਸਿੰਬਲ ਸਥਿਤ ਬੀਐਸਐਫ ਦੀ ਪੋਸਟ ਵਿਖੇ ਬਣੀ ਸ਼ਹੀਦ ਕਮਲਜੀਤ ਸਿੰਘ ਦੀ ਸਮਾਧ ਤੇ ਰੱਖੜੀ ਬੰਨਣ ਦੀ ਰਵਾਇਤ ਸ਼ਹੀਦ ਕਮਲਜੀਤ ਸਿੰਘ ਦੀ ਜਲੰਧਰ ਵਾਸੀ ਭੈਣ ਅਮਿ੍ਤਪਾਲ ਕੌਰ ਨੇ ਅੱਜ ਤੋਂ ਪੰਜਾਹ ਵਰ੍ਹੇ ਪਹਿਲਾਂ ਸ਼ੁਰੂ ਕੀਤੀ ਸੀ, ਜੋ ਲਗਾਤਾਰ 43 ਸਾਲ ਅਪਣੇ ਸ਼ਹੀਦ ਭਰਾ ਦੀ ਸਮਾਧ ਤੇ ਰੱਖੜੀ ਬੰਨਣ ਆਉਦੀ ਰਹੀ, ਪਰ ਕਰੀਬ ਛੇ ਸਾਲ ਪਹਿਲਾਂ ਭੈਣ ਅਮਿ੍ਤਪਾਲ ਕੌਰ ਦੇ ਇਸ ਦੁਨੀਆਂ ਤੋਂ ਕੂਚ ਕਰ ਜਾਣ ਮਗਰੋਂ ਹੁਣ ਇਹ ਪੰ੍ਪਰਾ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰੀਸ਼ਦ ਨਿਭਾ ਰਹੀ ਹੈ।

ਮਰਨ ਤੋਂ ਪਹਿਲਾਂ ਭੈਣ ਅਮਿ੍ਤਪਾਲ ਕੌਰ ਨੇ ਪਰੀਸ਼ਦ ਤੋਂ ਲਿਆ ਸੀ ਵਚਨ-ਕੁੰਵਰ ਵਿੱਕੀ

ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਵਿੱਕੀ ਨੇ ਦੱਸਿਆ ਕਿ ਭੈਣ ਅਮਿ੍ਤਪਾਲ ਕੌਰ ਨੇ ਮਰਨ ਤੋਂ ਤਿੰਨ ਦਿਨ ਪਹਿਲਾਂ, ਜਦੋਂ ਉਹ ਉਸਦਾ ਜਲੰਧਰ ਦੇ ਹਸਪਤਾਲ ਵਿੱਚ ਪਤਾ ਲੈਣ ਲਈ ਗਏ ਸਨ ਤਾਂ ਉਹਨਾਂ ਨੇ ਪਰੀਸ਼ਦ ਕੋਲੋਂ ਵਚਨ ਲਿਆ ਸੀ ਕਿ ਉਸ ਵੱਲੋਂ ਸ਼ਹੀਦ ਫੌਜ਼ੀ ਭਰਾ ਦੀ ਸਮਾਧ ਤੇ ਪਿਛਲੇ 43 ਸਾਲਾਂ ਤੋਂ ਰੱਖੜੀ ਬੰਨਣ ਦੀ ਸ਼ੁਰੂ ਕੀਤੀ ਗਈ ਰਵਾਇਤ ਬੰਦ ਨਹੀਂ ਹੋਣੀ ਚਾਹੀਦੀ। ਭੈਣ ਅਮਿ੍ਤਪਾਲ ਕੌਰ ਦੇ ਇਸੇ ਵਚਨ ਨੂੰ ਨਿਭਾਉਦਿਆਂ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰੀਸ਼ਦ ਨੇ ਇਕ ਨਵੀਂ ਪੰ੍ਪਰਾ ਸ਼ੁਰੂ ਕਰਦਿਆਂ ਸਰਹੱਦੀ ਪਿੰਡ ਦੀਆਂ ਧੀਆਂ ਨੂੰ ਨਾਲ ਲੈ ਕੇ ਸ਼ਹੀਦ ਦੀ ਸਮਾਧ ਤੇ ਰੱਖੜੀ ਬੰਨਣ ਦੀ ਰਵਾਇਤ ਮਗਰਲੇ ਛੇ ਸਾਲਾਂ ਤੋਂ ਨਿਭਾਈ ਜਾ ਰਹੀ ਹੈ।

ਸ਼ਹੀਦ ਕਮਲਜੀਤ ਸਿੰਘ ਨੂੰ ਮਸੀਹਾ ਵਾਂਗ ਪੂਜਦੇ ਹਨ ਸਿੰਬਲ ਪਿੰਡ ਦੇ ਲੋਕ

ਸੰਦੀਪ ਕੌਰ ਅਤੇ ਹਰਮਨਪ੍ਰਰੀਤ ਕੌਰ ਨੇ ਦੱਸਿਆ ਕਿ ਸਿੰਬਲ ਪਿੰਡ ਦੇ ਲੋਕ ਅੱਜ ਵੀ ਸ਼ਹੀਦ ਕਮਲਜੀਤ ਸਿੰਘ ਨੂੰ ਇਕ ਮਸੀਹਾ ਦੇ ਵਾਂਗ ਪੂਜਦੇ ਹਨ ਕਿਉਕਿ ਉਹਨਾਂ ਨੇ 1971 ਦੀ ਜੰਗ ਵਿੱਚ ਅਪਣੀ ਜਾਣ ਦੀ ਪ੍ਰਵਾਹ ਕੀਤੇ ਬਗੈਰ ਇਸ ਪਿੰਡ ਨੂੰ ਪਾਕਿਸਤਾਨੀ ਹਮਲਾਵਰਾਂ ਤੋਂ ਬਚਾਇਆ ਸੀ। ਉਹਨਾਂ ਨੇ ਕਿਹਾ ਕਿ ਬੇਸ਼ੱਕ ਅੱਜ ਭੈਣ ਅਮਿ੍ਤਪਾਲ ਕੌਰ ਸਾਡੇ ਵਿੱਚ ਮੌਜੂਦ ਨਹੀਂ ਹਨ, ਪਰ ਉਹ ਇਸ ਪੰ੍ਪਰਾ ਨੂੰ ਅੱਗੇ ਵੀ ਨਿਭਾਉਦੀਆਂ ਰਹਿਣਗੀਆਂ।

ਘਰੋਂ ਦੂਰ ਹੋਣ ਦੇ ਬਾਵਜੂਦ ਭੈਣਾਂ ਦੀ ਕਮੀ ਨਹੀਂ ਰੜਕੀ-ਕੰਪਨੀ ਕਮਾਂਡਰ

ਬੀਐਸਐਫ ਦੇ ਕੰਪਨੀ ਕਮਾਂਡਰ ਸੂਦਨ ਕੁਮਾਰ ਵਿਸਵਾਸ਼ ਨੇ ਕਿਹਾ ਕਿ ਇਹਨਾਂ ਭੈਣਾਂ ਨੇ ਅੱਜ ਜੋ ਉਹਨਾਂ ਦੇ ਗੁੱਟਾਂ ਤੇ ਰੱਖੜੀ ਬੰਨੀ ਹੈ ਇਹ ਹਮੇਸ਼ਾਂ ਕਵਚ ਦੇ ਰੂਪ ਵਿੱਚ ਸਾਡੇ ਜਵਾਨਾਂ ਦੀ ਰੱਖਿਆ ਕਰਦੀ ਰਹੇਗੀ। ਉਹਨਾਂ ਕਿਹਾ ਕਿ ਉਹ ਭਾਵੇਂ ਅਪਣੇ ਘਰਾਂ ਤੋਂ ਹਜਾਰਾਂ ਕਿਲੋਮੀਟਰ ਦੂਰ ਸਰਹੱਦ ਤੇ ਬੈਠੇ ਹਨ ਪਰ ਇਹਨਾਂ ਭੈਣਾਂ ਨੇ ਉਹਨਾਂ ਨੂੰ ਅਪਣੇ ਘਰਾਂ ਤੋਂ ਦੂਰ ਹੋਣ ਦਾ ਅਹਿਸਾਸ ਨਹੀਂ ਹੋਣ ਦਿੱਤਾ। ਉਹਨਾਂ ਕਿਹਾ ਕਿ ਅਸੀਂ ਇਹਨਾਂ ਭੈਣਾਂ ਨੂੰ ਵਚਨ ਦਿੰਦੇ ਹਾਂ ਕਿ ਆਖਰੀ ਸਾਹ ਤੱਕ ਭਾਰਤੀ ਸਰਹੱਦਾਂ ਦੀ ਰਾਖੀ ਕਰਦੇ ਹੋਏ ਦੇਸ਼ ਵਾਸੀਆਂ ਨੂੰ ਸੁਰੱਖਿਆ ਪ੍ਰਦਾਨ ਕਰਾਂਗੇ।