ਆਕਾਸ਼, ਗੁਰਦਾਸਪੁਰ : ਸਿਵਲ ਹਸਪਤਾਲ ਗੁਰਦਾਸਪੁਰ ਅੰਦਰ ਅੱਜ ਦੁਪਹਿਰ ਊਸ ਸਮੇਂ ਅਫ਼ਰਾ ਤਫਰੀ ਦਾ ਮਾਹੌਲ ਪੈਦਾ ਛਪ ਗਿਆ ਜਦੋਂ ਅੱਧੀ ਦਰਜਨ ਹਥਿਆਰਬੰਦ ਹਮਲਾਵਰਾਂ ਨੇ ਸਟਾਫ ਨਰਸ ਦੇ ਨੌਜਵਾਨ ਪੁੱਤਰ ਨੂੰ ਅਗਵਾ ਕਰਨ ਦੀ ਕੋਸਿਸ਼ ਕੀਤੀ। ਇਸ ਹਮਲੇ ਵਿੱਚ ਸਟਾਫ ਨਰਸ ਗੰਭੀਰ ਰੂਪ ਵਿੱਚ ਜ਼ਖਮੀ ਵੀ ਹੋ ਗਈ। ਜ਼ਖਮੀ ਸਟਾਫ ਨਰਸ ਨੇ ਪੁਲਿਸ ਹੈਲਪ ਲਾਈਨ' ਤੇ ਫ਼ੋਨ ਕੀਤਾ ਜਿਸ ਪਿਛੋਂ ਥਾਣਾ ਸਦਰ ਦੀ ਪੁਲਸ ਨੇ ਮੌਕੇ ਤੇ ਪੁੱਜ ਕੇ ਉਸ ਦੇ ਬਿਆਨ ਦਰਜ ਕੀਤੇ। ਹਸਪਤਾਲ ਵਿੱਚ ਜ਼ੇਰੇ ਇਲਾਜ ਮੋਨਿਕਾ ਪਤਨੀ ਸਵਰਗੀ ਰਾਜ ਕੁਮਾਰ ਵਾਸੀ ਮਿਸ਼ਨ ਕੰਪਾਊਂਡ, ਗੁਰਦਾਸਪੁਰ ਨੇ ਦੱਸਿਆ ਕਿ ਉਹ ਹਸਪਤਾਲ ਵਿੱਚ ਸਟਾਫ਼ ਨਰਸ ਦੇ ਅਹੁਦੇ ਤੇ ਤਾਇਨਾਤ ਹੈ ਅਤੇ ਉਸ ਦੀ ਡਿਊਟੀ ਆਈਸੋਲੇਸ਼ਨ ਵਾਰਡ ਵਿਚ ਹੈ । ਕੁਝ ਦਿਨ ਪਹਿਲਾਂ ਉਸ ਦੇ ਲੜਕੇ ਸੌਰਵ ਗਿੱਲ ਦਾ ਕੁਝ ਮੁੰਡਿਆਂ ਨਾਲ ਝਗੜਾ ਹੋਇਆ ਸੀ ਜਿਸ ਦਾ ਨਿਪਟਾਰਾ ਮੁਹਤਬਰ ਲੋਕਾਂ ਨੇ ਕਰਵਾ ਦਿੱਤਾ ਸੀ । ਉਸ ਨੇ ਦੱਸਿਆ ਕਿ ਅੱਜ ਵੀਰਵਾਰ ਨੂੰ ਉਸ ਦੀ ਡਿਊਟੀ ਦੁਪਹਿਰ ਦੀ ਸੀ । ਉਸ ਦਾ ਬੇਟਾ ਸੌਰਵ ਅਤੇ ਉਸ ਦਾ ਦੋਸਤ ਅਨਮੋਲ ਉਸ ਨੂੰ ਕਾਰ ਵਿੱਚ ਹਸਪਤਾਲ ਛੱਡਣ ਆਏ ਸਨ । ਜਦੋਂ ਉਹ ਆਪਣੀ ਹਾਜ਼ਰੀ ਲਗਾਉਣ ਲਈ ਐਮਰਜੈਂਸੀ ਵਿਭਾਗ ਵਿੱਚ ਚਲੀ ਗਈ ਅਤੇ ਕੁੱਝ ਦੇਰ ਬਾਅਦ ਉੱਥੋਂ ਆਈਸੋਲੇਸ਼ਨ ਵਾਰਡ ਵੱਲ ਜਾਣ ਲੱਗੀ ਤਾਂ ਦੇਖਿਆ ਕਿ ਅੱਧੀ ਦਰਜਨ ਦੇ ਕਰੀਬ ਹਮਲਾਵਰ ਵਿਅਕਤੀ ਸੌਰਵ ਅਤੇ ਅਨਮੋਲ ਨੂੰ ਜਬਰਨ ਗੱਡੀ ਵਿੱਚ ਸੁੱਟਣ ਦੀ ਕੋਸ਼ਿਸ਼ ਕਰ ਰਹੇ ਸਨ । ਜਿਉਂ ਹੀ ਆਪਣੇ ਬੇਟੇ ਸੌਰਵ ਨੂੰ ਬਚਾਉਣ ਲਈ ਉਹ ਅੱਗੇ ਹੋਈ ਤਾਂ ਹਮਲਾਵਰਾਂ ਨੇ ਸੌਰਵ ਨੂੰ ਛੱਡ ਕੇ ਉਸ ਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਜ਼ੋਰ ਨਾਲ ਜ਼ਮੀਨ ਤੇ ਸੁੱਟ ਦਿੱਤਾ । ਮੋਨਿਕਾ ਨੇ ਦੱਸਿਆ ਕਿ ਉਸ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ।ਜਦੋਂ ਆਸਪਾਸ ਲੋਕ ਇਕੱਠੇ ਹੋਣ ਲੱਗੇ ਤਾਂ ਹਮਲਾਵਰ ਉੱਥੋਂ ਫ਼ਰਾਰ ਹੋ ਗਏ ।

ਇਸ ਬਾਰੇ ਥਾਣਾ ਸਦਰ ਦੇ ਮੁਖੀ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਮੋਨਿਕਾ ਨੇ 112 ਨੰਬਰ ਤੇ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਥਾਣੇ ਦੇ ਅਧਿਕਾਰੀ ਉਸ ਦਾ ਬਿਆਨ ਲੈ ਆਏ ਹਨ । ਬਿਆਨਾਂ ਦੇ ਆਧਾਰ ਤੇ ਦੋਸ਼ੀਆਂ ਖ਼ਿਲਾਫ਼ ਤਫ਼ਤੀਸ਼ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ ।

Posted By: Susheel Khanna