ਜੇਐੱਨਐੱਨ, ਪਠਾਨਕੋਟ : ਪਠਾਨਕੋਟ ਪੇਸ਼ੀ 'ਤੇ ਆਇਆ ਸਨੈਚਿੰਗ ਦਾ ਮੁਲਜ਼ਮ ਮੰਗਲਵਾਰ ਨੂੰ ਪੁਲਿਸ ਨੂੰ ਝਕਾਨੀ ਦੇ ਕੇ ਫ਼ਰਾਰ ਹੋ ਗਿਆ। ਮੁਲਜ਼ਮ ਅਰਜੁਨ ਵਾਸੀ ਸੁੰਦਰ ਨਗਰ ਪਠਾਨਕੋਟ ਨੂੰ ਮਾਮਲੇ ਦੀ ਸੁਣਵਾਈ ਲਈ ਪਠਾਨਕੋਟ ਲਿਆਂਦਾ ਗਿਆ ਸੀ। ਕੋਰਟ 'ਚ ਪੇਸ਼ ਹੋਣ ਤੋਂ ਪਹਿਲਾਂ ਪੁਲਿਸ ਮੁਲਾਜ਼ਮਾਂ ਨੇ ਮੁਲਜ਼ਮ ਨੂੰ ਕੋਰਟ 'ਚ ਬਣੇ ਬਖ਼ਸ਼ੀ ਖਾਨੇ 'ਚ ਬੰਦ ਕੀਤਾ ਸੀ।

ਜਿਵੇਂ ਹੀ ਉਕਤ ਮੁਲਜ਼ਮ ਨੂੰ ਪੇਸ਼ੀ ਲਈ ਆਵਾਜ਼ ਪਈ ਤਾਂ ਪੁਲਿਸ ਮੁਲਾਜ਼ਮ ਸ਼ਾਮ ਲਾਲ ਤੇ ਜਗਦੀਸ਼ ਕੁਮਾਰ ਨੇ ਉਸ ਦੀ ਹੱਥਕੜੀ ਖੋਲ੍ਹ ਕੇ ਜਿਵੇਂ ਹੀ ਅਦਾਲਤ 'ਚ ਲੈ ਜਾਣ ਲੱਗੇ ਤਾਂ ਇਸੇ ਦੌਰਾਨ ਮੌਕਾ ਦੇਖ ਕੇ ਅਰਜੁਨ ਫ਼ਰਾਰ ਹੋ ਗਿਆ। ਉਹ ਵਕੀਲਾਂ ਦੇ ਚੈਂਬਰਾਂ 'ਚੋਂ ਹੁੰਦਾ ਹੋਇਆ ਕੋਰਟ ਦੇ ਬਾਹਰੀ ਹਿੱਸੇ ਨਾਲ ਲੱਗਦੀ ਕੰਧ ਟੱਪ ਕੇ ਫ਼ਰਾਰ ਹੋ ਗਿਆ।

ਪੁਲਿਸ ਮੁਲਾਜ਼ਮਾਂ ਨੇ ਉਸ ਦਾ ਪਿੱਛਾ ਕਰਕੇ ਉਸ ਨੂੰ ਗਿ੍ਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਹੱਥ ਨਹੀਂ ਆਇਆ। ਦੱਸਣਯੋਗ ਹੈ ਕਿ 31 ਮਈ ਨੂੰ ਇਕ ਔਰਤ ਨਾਲ ਸਨੈਚਿੰਗ ਦੇ ਦੋਸ਼ 'ਚ ਉਸ ਨੂੰ ਗਿ੍ਫ਼ਤਾਰ ਕੀਤਾ ਸੀ। ਇਸੇ ਮਾਮਲੇ ਦੀ ਸੁਣਵਾਈ ਲਈ ਉਕਤ ਮੁਲਜ਼ਮ ਨੂੰ ਪੇਸ਼ੀ ਲਈ ਲਿਆਂਦਾ ਗਿਆ ਸੀ। ਮਾਮਲੇ 'ਚ ਐੱਸਐੱਸਪੀ ਦੀਪਕ ਹਿਲੈਰੀ ਨੇ ਕਿਹਾ ਕਿ ਮੁਲਜ਼ਮ ਦੀ ਫਰਾਰ ਹੋਣ ਦੀ ਘਟਨਾ ਗੰਭੀਰ ਹੈ। ਮੁਲਜ਼ਮ ਨੂੰ ਕਾਬੂ ਕਰਨ ਲਈ ਟੀਮਾਂ ਬਣਾਈਆਂ ਗਈਆਂ ਹਨ। ਛੇਤੀ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।