ਆਕਾਸ਼, ਗੁਰਦਾਸਪੁਰ - ਦੇਸ਼ ਪੱਧਰ 'ਤੇ ਦੋ ਰੋਜ਼ਾ ਟਰੇਡ ਯੂਨੀਅਨਜ਼ ਦੀ ਹੜਤਾਲ ਦੇ ਸੱਦੇ ਤਹਿਤ ਅੱਜ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ ਦੀ ਅਗਵਾਈ ਵਿਚ ਮਜ਼ਦੂਰਾਂ ਵੱਲੋਂ ਹੜਤਾਲ ਕਰਨ ਉਪਰੰਤ ਸ਼ਹਿਰ ਵਿਚ ਰੋਸ ਮਾਰਚ ਕਰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਖੇ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ ਦੇ ਆਗੂ ਸੰਸਾਰ ਸਿੰਘ, ਵਿਜੇ ਕੁਮਾਰ, ਸੁਖਦੇਵ ਰਾਜ ਬਹਿਰਾਮਪੁਰ, ਜੋਗਿੰਦਰਪਾਲ ਘੁਰਾ, ਗੁਰਮੀਤ ਪਾਹੜਾ, ਅਮਰਜੀਤ ਸ਼ਾਸਤਰੀ, ਅਸ਼ਵਨੀ ਕੁਮਾਰ ਕਮਾਲਪੁਰ ਅਫਗਾਨਾ, ਅਸ਼ੋਕ ਕੇਸ਼ੋਪੁਰ, ਬਿੱਟੂ ਈਸ਼ੇਪੁਰ, ਮੁਖਤਿਆਰ ਮੱਲ੍ਹੀਆਂ, ਟੋਨੀ ਮੰਗਾ ਗੁਰਦਾਸ ਨੰਗਲ ਨੇ ਮੰਗ ਕਰਦਿਆਂ ਕਿਹਾ ਕਿ ਦਿਨ-ਬ-ਦਿਨ ਵੱਧਦੀ ਜਾ ਰਹੀ ਮਹਿੰਗਾਈ 'ਤੇ ਰੋਕ ਲਗਾਓ, ਸਭ ਨੂੰ ਰਾਸ਼ਣ ਦਿੱਤਾ ਜਾਵੇ, ਪੈਟਰੋਲ ਡੀਜ਼ਲ ਉਪਰ ਟੈਕਸ ਘਟਾਇਆ ਜਾਵੇ, ਬਹੁ ਕੌਮੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ 'ਤੇ ਕਿਰਤ ਕਾਨੂੰਨਾਂ ਵਿਚ ਕੀਤੀ ਜਾਂਦੀ ਸੋਧਾਂ ਨੂੰ ਤੁਰੰਤ ਬੰਦ ਕੀਤਾ ਜਾਵੇ, ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੁਆਰਾ ਇਹਨਾਂ ਕਾਨੂੰਨਾਂ ਦੇ ਅਮਲ ਦੀ ਪ੍ਰਕਿਰਿਆ ਨੂੰ ਬਦਲਣ ਦੇ ਸਾਰੇ ਸਰਕੂਲਰ ਨੂੰ ਵਾਪਸ ਕੀਤੇ ਜਾਦ, 18000 ਰੁਪਏ ਪ੍ਰਤੀ ਮਹੀਨਾ ਤਹਿਤ ਮਜ਼ਦੂਰੀ ਲਾਗੂ ਕੀਤੀ ਜਾਵੇ, ਕਿਰਤ ਕਾਨੂੰਨ ਲਾਗੂ ਕਰਨ ਵਾਲੀ ਸਰਕਾਰੀ ਮਸ਼ੀਨਰੀ ਨੂੰ ਮਜ਼ਬੂਤ ਕੀਤਾ ਜਾਵੇ, ਸਾਰੇ ਮਜ਼ਦੂਰਾਂ ਨੂੰ ਘੱਟੋ-ਘੱਟ 3000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਲਾਗੂ ਕੀਤੀ ਜਾਵੇ, ਰੁਜ਼ਗਾਰ ਦਾ ਠੇਕੇਦਾਰੀ ਕਰਨ ਬੰਦ ਕੀਤੀ ਜਾਵੇ, ਬੋਨਸ ਅਤੇ ਪ੍ਰਵੀਡੈਂਟ ਫੰਡ ਵਿਚ ਤਨਖਾਹ ਯੋਗਤਾ ਸੀਮਾ ਸਮਾਪਤ ਕੀਤੀਆਂ ਜਾਦ, ਸਰਕਾਰੀ ਮੁਲਾਜਮਾਂ ਦੀ ਨਵੀਂ ਪੈਨਸ਼ਨ ਸਕੀਮ ਵਾਪਸ ਲਈ ਜਾਵੇ, ਸਾਰੇ ਨਿਰਮਾਣ ਮਜ਼ਦੂਰਾਂ ਦਾ ਪੰਜੀਕਰਨ ਲਾਜ਼ਮੀ ਕੀਤਾ ਜਾਵੇ, ਕਾਲੇ ਕਾਨੂੰਨ ਵਾਪਸ ਲਏ ਜਾਣ, ਨਿੱਜੀ ਖੇਤਰਾਂ ਵਿਚ ਰਿਜ਼ਰਵੇਸ਼ਨ ਲਾਗੂ ਕੀਤਾ ਜਾਵੇ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਉਸਾਰੀ ਬੋਰਡ ਵੱਲੋਂ ਚਾਲੂ ਸਕੀਮਾਂ ਦਾ ਲਾਭ ਸਮੇਂ ਸਿਰ ਦਿੱਤਾ ਜਾਵੇ, ਕਿਰਤੀਆਂ ਨੂੰ ਮਿਲਦੀ ਸ਼ਗਨ ਸਕੀਮ ਦੀ ਰਕਮ 51000 ਰੁਪਏ ਕੀਤੀ ਜਾਵੇ। ਆਗੂਆਂ ਨੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਸੇਵਾ ਕੇਂਦਰਾਂ ਵਲੋਂ ਕਿਰਤੀਆਂ ਵੱਲੋਂ ਭਰੀਆਂ ਸਕੀਮਾਂ ਦੇ ਦਸਤਾਵੇਜ ਆਪਣੇ ਕੋਲ ਰੱਖਣਾ ਗੈਰ ਵਾਜਿਬ ਹਨ ਕਿਉਂਕਿ ਇਕ ਵਾਰ ਸਕੈਨ ਹੋਣ ਤੋਂ ਬਾਅਦ ਉਨ੍ਹਾਂ ਨੂੰ ਸੇਵਾ ਕੇਂਦਰ ਵਿਚ ਰੱਖਣਾ ਕੋਈ ਜ਼ਰੂਰੀ ਨਹੀਂ ਹੈ ਪਰ ਜੇਕਰ ਉਹ ਦਸਤਾਵੇਜ ਕਿਰਤੀ ਨੂੰ ਵਾਪਿਸ ਕੀਤੇ ਜਾਂਦੇ ਹਨ ਤਾਂ ਭਵਿੱਖ 'ਚ ਆਈ ਕੋਈ ਤਰੁੱਟੀ ਨੂੰ ਦਰੁਸਤ ਕਰਨ ਵਿਚ ਆਸਾਨੀ ਹੋ ਸਕਦੀ ਹੈ।