ਵਾਸਦੇਵ ਅਰੋੜਾ, ਨੌਸ਼ਹਿਰਾ ਮੱਝਾ ਸਿੰਘ

ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਅੱਜ ਕਮਿਊਨਿਟੀ ਸਿਹਤ ਕੇਂਦਰ (ਸੀਐੱਚਸੀ) ਨੌਸ਼ਹਿਰਾ ਮੱਝਾ ਸਿੰਘ ਵਿਖੇ ਐੱਸਐੱਮਓ ਡਾ. ਮਨਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਆਸ਼ਾ ਸੁਪਰਵਾਈਜਰਾਂ ਤੇ ਆਸ਼ਾ ਵਰਕਰਾਂ ਦੀ ਰਿਫਰੈਸ਼ਰ ਟ੍ਰੇਨਿੰਗ ਸ਼ੁਰੂ ਕੀਤੀ ਗਈ। ਐੱਸਐੱਮਓ ਡਾ. ਮਨਿੰਦਰ ਸਿੰਘ ਨੇ ਆਸ਼ਾ ਵਰਕਰਾਂ ਦੀ ਪੰਜ ਦਿਨਾ ਟ੍ਰੇਨਿੰਗ ਦੀ ਸ਼ੁਰੂਆਤ ਮੌਕੇ ਸੰਬੋਧਨ ਕਰਦੇ ਹੋਏ ਕਿਹਾ ਕਿ ਆਮ ਲੋਕਾਂ ਤੱਕ ਸਿਹਤ ਸਹੂਲਤਾਂ ਪਹੁੰਚਾਉਣ ਤੇ ਉਨ੍ਹਾਂ ਨੂੰ ਜਾਗਰੂਕ ਕਰਨ ਵਿੱਚ ਆਸ਼ਾ ਦੀ ਭੂਮਿਕਾ ਅਹਿਮ ਹੈ।ਉਨ੍ਹਾਂ ਆਸ਼ਾ ਵਰਕਰਾਂ ਨੂੰ ਉਹ ਆਪੋ-ਆਪਣੇ ਖੇਤਰ ਵਿੱਚ ਲੋਕਾਂ ਨੂੰ ਸਿਹਤ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਪ੍ਰੇਰਿਤ ਵੀ ਕੀਤਾ। ਉਨ੍ਹਾਂ ਨਾਲ ਹੀ ਕਿਹਾ ਕਿ ਆਮ ਲੋਕਾਂ ਖਾਸ ਕਰਕੇ ਗਰਭਵਤੀ ਅੌਰਤਾਂ ਨੂੰ ਸੰਸਥਾਗਤ ਜਣੇਪੇ ਲਈ ਜਾਗਰੂਕ ਕੀਤਾ ਜਾਵੇ ਤੇ ਬਲਾਕ ਵਿੱਚ ਹੋਮ ਡਿਲੀਵਰੀ ਨਾ ਹੋਣ ਦਿੱਤੀ ਜਾਵੇ। ਜ਼ਿਕਰਯੋਗ ਹੈ ਕਿ ਬਲਾਕ ਵਿੱਚ ਪੇਂਡੂ ਖੇਤਰ ਦੀਆਂ ਆਸ਼ਾ ਵਰਕਰਾਂ ਨੂੰ 6ਵੇਂ ਅਤੇ 7ਵੇਂ ਮਾਡਿਊਲ ਦੀ 5 ਦਿਨਾਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਮੌਕੇ ਬਲਾਕ ਐਜੂਕੇਟਰ ਕਮ ਟ੍ਰੇਨਰ ਵਿਕਾਸ ਵਿਰਦੀ ਅਤੇ ਏਐੱਨਐੱਮ ਕਮ ਟ੍ਰੇਨਰ ਸੁਨੀਤਾ ਰਾਣੀ ਨੇ ਆਸ਼ਾ ਵਰਕਰਾਂ ਨੂੰ ਜੱਚਾ ਅਤੇ ਬੱਚਾ ਸਿਹਤ ਸੰਭਾਲ ਪ੍ਰਤੀ ਚੌਕਸ ਰਹਿਣ ਨੂੰ ਕਿਹਾ। ਉਨ੍ਹਾਂ ਕਿਹਾ ਕਿ ਪਿੰਡ ਦੀ ਪੱਕੀ ਵਸਨੀਕ ਹੋਣ ਦੇ ਨਾਤੇ ਆਸ਼ਾ ਵਰਕਰ ਦਾ ਉੱਥੋਂ ਦੇ ਵਾਸੀਆਂ ਨਾਲ ਬਿਹਤਰ ਤਾਲਮੇਲ ਹੁੰਦਾ ਹੈ, ਜਿਸ ਕਾਰਨ ਉਸ ਨੂੰ ਸਿਹਤ ਸਹੂਲਤਾਂ ਸਬੰਧੀ ਕੋਈ ਵੀ ਸੰਦੇਸ਼ ਉਨ੍ਹਾਂ ਤੱਕ ਪਹੁੰਚਾਉਣ ਵਿੱਚ ਆਸਾਨੀ ਹੁੰਦੀ ਹੈ। ਉਨ੍ਹਾਂ ਨੇ ਆਸ਼ਾ ਵਰਕਰਾਂ ਨੂੰ ਕਿਹਾ ਕਿ ਉਹ ਆਪਣਾ ਕੰਮ ਪੂਰੀ ਤਨਦੇਹੀ ਨਾਲ ਕਰਨ। ਜੇਕਰ ਫੀਲਡ ਵਿੱਚ ਉਨ੍ਹਾਂ ਨੂੰ ਕੰਮ ਕਰਨ ਵਿੱਚ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਟ੍ਰੇਨਰ ਵਿਕਾਸ ਵਿਰਦੀ ਅਤੇ ਟ੍ਰੇਨਰ ਸੁਨੀਤਾ ਰਾਣੀ ਨੇ 6ਵੇਂ ਅਤੇ 7ਵੇਂ ਮਾਡਿਊਲ ਦਾ ਵਿਸਥਾਰਪੂਰਵਕ ਢੰਗ ਨਾਲ ਅਧਿਐਨ ਵੀ ਕਰਵਾਇਆ। ਇਸ ਮੌਕੇ ਐੱਲਐੱਚਵੀ ਪਲਵਿੰਦਰ ਕੌਰ, ਨੀਲਮ ਦੇਵੀ ਹਾਜ਼ਰ ਸਨ।