ਜੇਐੱਨਐੱਨ, ਬਟਾਲਾ : ਗੁਰਦਾਸਪੁਰ ਦੇ ਸੰਸਦ ਮੈਂਬਰ ਸੰਨੀ ਦਿਓਲ ਨੇ ਜ਼ਹਿਰੀਲੀ ਸ਼ਰਾਬ ਕਾਰਨ ਪੰਜਾਬ 'ਚ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਦੇ ਮਾਮਲੇ 'ਚ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਸੰਸਦ ਮੈਂਬਰ ਨੇ ਇਸ ਮਾਮਲੇ 'ਚ ਸਰਕਾਰ ਤੇ ਸੂਬੇ ਦੀ ਖੁਫ਼ੀਆ ਏਜੰਸੀਆਂ ਨੂੰ ਫੇਲ੍ਹ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜੇ ਸਮਾਂ ਰਹਿੰਦਿਆਂ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਕਰਨ ਵਾਲਿਆਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਫੜ ਲਿਆ ਜਾਂਦਾ ਤਾਂ ਸ਼ਾਇਦ ਇੰਨੇ ਲੋਕਾਂ ਦੀ ਜਾਨ ਨਾ ਜਾਂਦੀ।

ਸੰਸਦ ਮੈਂਬਰ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਇਸ ਮਾਮਲੇ ਦੀ ਨਿਆਇਕ ਜਾਂਚ ਦੀ ਮੰਗ ਕੀਤੀ ਹੈ। ਪੱਤਰ 'ਚ ਉਨ੍ਹਾਂ ਲਿਖਿਆ ਹੈ ਕਿ ਜਿਹੜੇ ਲੋਕਾਂ ਤੇ ਅਧਿਕਾਰੀਅਆਂ ਖ਼ਿਲਾਫ਼ ਦੋਸ਼ ਸਾਬਤ ਹੁੰਦੇ ਹਨ, ਉਨ੍ਹਾਂ ਨੂੰ ਕਿਸੇ ਕੀਮਤ 'ਤੇ ਬਖਸ਼ਿਆ ਨਹੀਂ ਨਹੀਂ ਜਾਣਾ ਚਾਹੀਦਾ। ਮੁਲਜ਼ਮ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦੇ ਹੋਣ, ਉਨ੍ਹਾਂ ਨੂੰ ਸਿਆਸੀ ਸਰਪ੍ਰਸਤੀ ਨਹੀਂ ਮਿਲਣੀ ਚਾਹੀਦੀ। ਉਨ੍ਹਾਂ ਪਿਛਲੇ ਸਾਲ ਬਟਾਲਾ 'ਚ ਹੋਏ ਪਟਾਖਾ ਫੈਕਟਰੀ 'ਚ ਹੋਏ ਧਮਾਕੇ ਦਾ ਮਾਮਲਾ ਵੀ ਉਠਾਇਆ ਹੈ।

ਉਨ੍ਹਾਂ ਕੈਪਟਨ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਜਿਸ ਫੈਕਟਰੀ ਨੂੰ ਕਈ ਸਾਲ ਪਹਿਲਾਂ ਨਾਜਾਇਜ਼ ਐਲਾਨਿਆ ਗਿਆ ਸੀ ਫਿਰ ਕਿਸ ਦੇ ਕਹਿਣ 'ਤੇ ਉਹ ਚੱਲ ਰਹੀ ਸੀ। ਜਾਂਚ ਅਧਿਕਾਰੀਆਂ ਤੇ ਪ੍ਰਸ਼ਾਸਨ ਦੀ ਲਾਪਰਵਾਹੀ ਵੀ ਸਾਹਮਣੇ ਆਈ ਪਰ ਕਾਰਵਾਈ ਸਿਰਫ ਛੋਟੇ ਪੱਧਰ ਦੇ ਕਰਮਚਾਰੀਆਂ 'ਤੇ ਕਰਕੇ ਸਰਕਾਰ ਨੇ ਪੱਲਾ ਝਾੜ ਲਿਆ।