ਆਕਾਸ਼, ਗੁਰਦਾਸਪੁਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਤੇ ਗੁਰਦਾਸਪੁਰ ਤੋਂ ਲੋਕ ਸਭਾ ਉਮੀਦਵਾਰ ਸੁਨੀਲ ਜਾਖੜ ਨੇ ਅੱਜ ਗੁਰਦਾਸਪੁਰ ਵਿਧਾਨ ਸਭਾ ਹਲਕੇ 'ਚ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ-ਨਾਲ ਇੱਥੇ ਉਦਯੋਗ ਸਥਾਪਿਤ ਕਰਨੇ ਹੀ ਉਨ੍ਹਾਂ ਦਾ ਮੁੱਖ ਏਜੰਡਾ ਹੈ। ਉਨ੍ਹਾਂ ਕਿਹਾ ਕਿ ਇਸ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਫਿਲਮੀ ਸਿਤਾਰਿਆਂ ਦੀ ਡਾਇਲਾਗ ਡਲਿਵਰੀ ਨਹੀਂ ਚਾਹੀਦੀ ਸਗੋਂ ਲੋਕਾਂ ਨੂੰ ਤਾਂ ਕੰਮ ਚਾਹੀਦਾ ਹੈ ਜੋ ਕਿ ਇਕ ਤਜ਼ਰਬੇਕਾਰ ਸੰਸਦ ਮੈਂਬਰ ਹੀ ਕਰਵਾ ਸਕਦਾ ਹੈ।

ਜਾਖੜ ਨੇ ਕਿਹਾ ਕਿ ਭਾਜਪਾ ਉਮੀਦਵਾਰਾਂ ਨੂੰ ਸਥਾਨਕ ਮੁਸ਼ਕਿਲਾਂ ਦੀ ਸਮਝ ਹੀ ਨਹੀਂ ਹੈ ਤਾਂ ਹੀ ਉਹ ਹਲਕੇ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਸਬੰਧੀ ਆਪਣਾ ਕੋਈ ਰੋਡ ਮੈਪ ਸਾਂਝਾ ਕਰਨ ਦੀ ਬਜਾਏ ਰੋਡ ਸ਼ੋਅ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 16 ਮਹੀਨਿਆਂ ਵਿਚ ਕੀਤੇ ਆਪਣੇ ਕੰਮ ਦੇ ਅਧਾਰ 'ਤੇ ਉਹ ਵੋਟਾਂ ਮੰਗ ਰਹੇ ਹਨ ਅਤੇ ਨਾਲ ਹੀ ਉਨ੍ਹਾਂ ਅਗਲੇ 5 ਸਾਲ ਵਿਚ ਆਪਣੀਆਂ ਹਲਕੇ ਦੇ ਵਿਕਾਸ ਦੀਆਂ ਤਰਜੀਹਾਂ ਵੀ ਵੋਟਰਾਂ ਨਾਲ ਚੋਣ ਬੈਠਕਾਂ ਦੌਰਾਨ ਸਾਂਝੀਆਂ ਕੀਤੀਆਂ।

ਜਾਖੜ ਨੇ ਕਿਹਾ ਕਿ ਇਸ ਛੋਟੇ ਜਿਹੇ ਕਾਰਜਕਾਲ ਦੌਰਾਨ ਉਨ੍ਹਾਂ 5 ਰੇਲਵੇ ਓਵਰ ਅੰਡਰ ਬ੍ਰਿਜਾਂ ਦੇ ਨਿਰਮਾਣ ਸਬੰਧੀ ਕਾਰਵਾਈ ਪੂਰੀ ਕਰਵਾਈ ਹੈ, ਜਿਸ ਸਬੰਧੀ 172 ਕਰੋੜ ਰੁਪਏ ਦੀ ਪ੍ਰਵਾਨਗੀ ਪੰਜਾਬ ਸਰਕਾਰ ਨੇ ਰੇਲਵੇ ਨੂੰ ਦੇ ਦਿੱਤੀ ਹੈ। ਤਿੰਨ ਰੇਲ ਓਵਰ ਬ੍ਰਿਜਾਂ ਸਬੰਧੀ ਰੇਲਵੇ ਵੱਲੋਂ ਪ੍ਰਵਾਨਗੀ ਜਾਰੀ ਹੋਣ ਤੋਂ ਬਾਅਦ ਕੰਮ ਸ਼ੁਰੂ ਹੋ ਚੁੱਕਾ ਹੈ ਜਿਸ ਵਿਚ ਦੀਨਾਨਗਰ ਦਾ ਆਰਓਬੀ ਗੁਰਦਾਸਪੁਰ ਅਤੇ ਨਲੰਗਾ ਦਾ ਰੇਲਵੇ ਅੰਡਰ ਬ੍ਰਿਜ ਸ਼ਾਮਿਲ ਹੈ ਜਦਕਿ ਪਠਾਨਕੋਟ ਅਤੇ ਸੁਜਾਨਪੁਰ 'ਚ ਵੀ ਅਜਿਹੇ ਆਰਓਬੀ, ਆਰਯੂਬੀ ਦੇ ਨਿਰਮਾਣ ਸਬੰਧੀ ਕਾਰਵਾਈ ਚੱਲ ਰਹੀ ਹੈ।

ਇਸ ਮੌਕੇ ਕਾਂਗਰਸ ਪਾਰਟੀ ਵੱਲੋਂ ਐਲਾਨੀ ਨਿਆਂ ਸਕੀਮ ਦਾ ਜ਼ਿਕਰ ਕਰਦਿਆਂ ਜਾਖੜ ਨੇ ਦੱਸਿਆ ਕਿ ਇਸ ਸਕੀਮ ਤਹਿਤ ਉਨ੍ਹਾਂ ਪਰਿਵਾਰਾਂ ਨੂੰ 6000 ਰੁਪਏ ਮਹੀਨਾ ਕੇਂਦਰੀ ਮਦਦ ਪਰਿਵਾਰ ਦੀ ਮਹਿਲਾ ਮੁਖੀ ਦੇ ਬੈਂਕ ਖਾਤੇ ਵਿਚ ਮਿਲੇਗੀ, ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਆਮਦਨ 72000 ਰੁਪਏ ਤੋਂ ਘੱਟ ਹੈ।

ਇਸ ਮੌਕੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਦੇਸ਼ ਵਿਚ ਕਾਂਗਰਸ ਦੀ ਸਰਕਾਰ ਬਣਨੀ ਹੁਣ ਤੈਅ ਹੈ ਅਤੇ ਪੰਜਾਬ ਅਤੇ ਕੇਂਦਰ ਸਰਕਾਰ ਵਿਚ ਸਾਡੇ ਨੁਮਾਇੰਦੇ ਹੋਣ ਨਾਲ ਇਲਾਕੇ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਵੇਗੀ। ਉਨ੍ਹਾਂ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਨੇ ਕਰਜ਼ਾ ਮਾਫ਼ੀ ਸਕੀਮ ਲਾਗੂ ਕਰ ਕੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ ਜਦਕਿ ਮੋਦੀ ਸਰਕਾਰ ਦੀਆਂ ਸਾਰੀਆਂ ਨੀਤੀਆਂ ਹੀ ਕਿਸਾਨ ਵਿਰੋਧੀ ਰਹੀਆਂ ਹਨ।

Posted By: Amita Verma