ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ
ਤੇਜ਼ ਹਨੇਰੀ ਝੱਖੜ ਕਾਰਨ ਜਿਥੇ ਕਣਕ ਦੀ ਫ਼ਸਲ ਖੇਤਾਂ ਵਿੱਚ ਲੰਮੇ ਪਈ ਹੋਈ ਹੈ ਉੱਥੇ ਮੂੰਗਰਿਆਂ ਦੀ ਫ਼ਸਲ ਤੇ ਸੁੰਡੀ ਦਾ ਹਮਲਾ ਹੋਣ ਕਾਰਨ ਕਿਸਾਨਾਂ ਵੱਲੋਂ ਰੋਕਥਾਮ ਲਈ ਮਹਿੰਗੇ ਭਾਅ ਦੀਆਂ ਸਪਰੇਆਂ ਕੀਤੀਆਂ ਜਾ ਰਹੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਕਾਸ਼ਤਕਾਰ ਮਨਿੰਦਰ ਸਿੰਘ, ਹਰਭਜਨ ਸਿੰਘ, ਗੁਰਪ੍ਰਰੀਤ ਸਿੰਘ ਆਦਿ ਨੇ ਦੱਸਿਆ ਕਿ ਉਹਨਾਂ ਵੱਲੋਂ ਜਨਵਰੀ ਮਹੀਨੇ ਦੇ ਪਹਿਲੇ ਹਫ਼ਤੇ ਵਿਚ ਮੂੰਗਰਿਆਂ ਦੀ ਖੇਤੀ ਕੀਤੀ ਸੀ । ਉਹਨਾਂ ਕਿਹਾ ਕਿ ਖੇਤੀ ਕਰਨ ਉਪਰੰਤ ਜਿਥੇ ਪਹਿਲਾਂ ਮੂੰਗਰਿਆਂ ਦੀ ਫ਼ਸਲ ਨੂੰ ਫ਼ੰਗਸ ਤੋਂ ਬਚਾਉਣ ਲਈ ਮਹਿੰਗੇ ਭਾਅ ਦੀਆਂ ਦਵਾਈਆਂ ਦੀਆਂ ਸਪਰੇਆਂ ਕੀਤੀਆਂ ਸਨ ਉਥੇ ਹੁਣ ਮੂੰਗਰਿਆਂ ਦੀ ਫ਼ਸਲ ਤੇ ਸੁੰਡੀ ਦਾ ਹਮਲਾ ਹੋ ਗਿਆ ਹੈ। ਇਸ ਮੌਕੇ ਤੇ ਮਨਿੰਦਰ ਸਿੰਘ ਨੇ ਦੱਸਿਆ ਕਿ ਸੂੰਡੀ ਵੱਲੋਂ ਮੂੰਗਰਿਆਂ ਦੇ ਫ਼ੁੱਲ ਅਤੇ ਪੱਤਿਆਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਜਿਸ ਕਾਰਨ ਉਹਨਾਂ ਵੱਲੋਂ ਮੂੰਗਰਿਆਂ ਦੀ ਫ਼ਸਲ ਤੇ ਸੁੰਡੀ ਦੀ ਰੋਕਥਾਮ ਲਈ ਮਹਿੰਗੇ ਭਾਅ ਦੀਆਂ ਸਪਰੇਆਂ ਕੀਤੀਆਂ ਜਾ ਰਹੀਆਂ ਹਨ। ਉਨਾਂ੍ਹ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਮੌਸਮ ਵਿਚ ਹੁਮਸ ਕਾਰਨ ਸੁੰਡੀ ਦਾ ਪ੍ਰਕੋਪ ਵੱਧ ਜਾਂਦਾ ਹੈ। ਇਸ ਲਈ ਉਹਨਾਂ ਨੂੰ ਸੁੰਡੀ ਦੇ ਖਾਤਮੇ ਲਈ ਤਿੰਨ ਚਾਰ ਵਾਰ ਸਪਰੇਅ ਕਰਨੀ ਪੈਂਦੀ ਹੈ। ਉਨਾਂ੍ਹ ਦੱਸਿਆ ਕਿ ਜਿਥੇ ਤੇਜ਼ ਹਨੇਰੀ ਝੱਖੜ ਕਾਰਨ ਕਣਕਾਂ ਖੇਤ ਵਿੱਚ ਲੰਮੇ ਪਈਆਂ ਹੋਈਆਂ ਹਨ ਉਥੇ ਮੂੰਗਰਿਆਂ ਦੀ ਫ਼ਸਲ ਤੇ ਸੁੰਡੀ ਦਾ ਹਮਲਾ ਹੋਣ ਕਾਰਨ ਕਿਸਾਨਾਂ ਨੂੰ ਪਰੇਸ਼ਾਨੀ ਦੇ ਦੌਰ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ।