ਪਵਨ ਤੇ੍ਹਨ, ਬਟਾਲਾ : ਸੁਖਦੀਪ ਸਿੰਘ ਤੇਜਾ ਨਗਰ ਨਿਗਮ ਬਟਾਲਾ ਦੇ ਪਹਿਲੇ ਮੇਅਰ ਚੁਣੇ ਗਏ ਹਨ ਤੇ ਉਨ੍ਹਾਂ ਦੀ ਚੋਣ ਕੌਂਸਲਰਾਂ ਨੇ ਸਰਬਸੰਮਤੀ ਨਾਲ ਕੀਤੀ। ਇਸ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਸੁਨੀਲ ਕੁਮਾਰ ਸਰੀਨ ਤੇ ਡਿਪਟੀ ਮੇਅਰ ਵਜੋਂ ਚੰਦਰ ਕਾਂਤਾ ਚੁਣੇ ਗਏ ਹਨ। ਸਭ ਤੋਂ ਪਹਿਲਾਂ ਸਵੇਰੇ 11 ਵਜੇ ਨਗਰ ਨਿਗਮ ਬਟਾਲਾ ਦੇ ਹਾਊਸ ਦੀ ਪਹਿਲੀ ਮੀਟਿੰਗ ਹੋਈ, ਜਿਸ 'ਚ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਗੁਰਪ੍ਰਰੀਤ ਕੌਰ ਆਈਏਐੱਸ ਨੇ ਚੁਣੇ ਹੋਏ ਸਾਰੇ ਕੌਂਸਲਰਾਂ ਨੂੰ ਸਹੁੰ ਚੁਕਾਈ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਏਡੀਸੀ ਜਨਰਲ ਰਾਹੁਲ ਆਈਏਐੱਸ ਤੇ ਕਮਿਸ਼ਨਰ ਨਗਰ ਨਿਗਮ ਬਟਾਲਾ ਬਲਵਿੰਦਰ ਸਿੰਘ ਵੀ ਮੌਜੂਦ ਸਨ। ਨਵੇਂ ਚੁਣੇ ਕੌਂਸਲਰਾਂ ਨੂੰ ਸਹੁੰ ਚੁਕਾਉਣ ਤੋਂ ਬਾਅਦ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਦੀ ਕਾਰਵਾਈ ਆਰੰਭ ਕੀਤੀ ਗਈ।ਵਾਰਡ ਨੰਬਰ 32 ਦੇ ਕੌਂਸਲਰ ਅਨਿਲ ਕੁਮਾਰ ਨੇ ਸੁਖਦੀਪ ਸਿੰਘ ਤੇਜਾ ਵਾਰਡ ਨੰਬਰ 30 ਦਾ ਨਾਮ ਮੇਅਰ ਦੇ ਅਹੁਦੇ ਲਈ ਪੇਸ਼ ਕੀਤਾ ਅਤੇ ਇਸ ਦੀ ਤਾਈਦ ਵਾਰਡ ਨੰਬਰ 33 ਦੀ ਕੌਂਸਲਰ ਮੋਨਿਕਾ ਸੇਖੜੀ ਨੇ ਕੀਤੀ। ਇਸ ਤੋਂ ਬਾਅਦ ਹਾਊਸ ਦੇ ਸਾਰੇ ਮੈਂਬਰਾਂ ਨੇ ਸੁਖਦੀਪ ਸਿੰਘ ਤੇਜਾ ਨੂੰ ਸਰਬਸੰਮਤੀ ਨਾਲ ਮੇਅਰ ਚੁਣ ਲਿਆ। ਇਸ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਦੀ ਚੋਣ ਕੀਤੀ ਗਈ। ਇਸ ਅਹੁਦੇ ਲਈ ਸੁਨੀਲ ਕੁਮਾਰ ਸਰੀਨ ਨੂੰ ਚੁਣਿਆ ਗਿਆ।

ਡਿਪਟੀ ਮੇਅਰ ਦੇ ਅਹੁਦੇ ਲਈ ਸਰਬਸੰਮਤੀ ਨਾਲ ਵਾਰਡ ਨੰਬਰ 45 ਦੀ ਕੌਂਸਲਰ ਚੰਦਰ ਕਾਂਤਾ ਦੀ ਚੋਣ ਹੋਈ ਹੈ। ਇਸ ਦੌਰਾਨ ਨਵੇਂ ਚੁਣੇ ਅਹੁਦੇਦਾਰਾਂ ਨੂੰ ਜਲੰਧਰ ਡਵੀਜ਼ਨ ਦੀ ਕਮਿਸ਼ਨਰ ਗੁਰਪ੍ਰਰੀਤ ਕੌਰ ਨੇ ਅਹੁਦੇ ਦੀ ਸਹੁੰ ਚੁਕਾਈ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਨਵੇਂ ਚੁਣੇ ਅਹੁਦੇਦਾਰਾਂ ਅਤੇ ਸਮੂਹ ਕੌਂਸਲਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਨਵਾਂ ਹਾਊਸ ਬਟਾਲਾ ਸ਼ਹਿਰ ਦੇ ਵਿਕਾਸ 'ਚ ਆਪਣਾ ਅਹਿਮ ਯੋਗਦਾਨ ਪਾਵੇਗਾ। ਇਸ ਤੋਂ ਬਾਅਦ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਅਤੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਨਵੇਂ ਚੁਣੇ ਮੇਅਰ ਸੁਖਦੀਪ ਸਿੰਘ ਤੇਜਾ, ਸੀਨੀਅਰ ਡਿਪਟੀ ਮੇਅਰ ਸੁਨੀਲ ਕੁਮਾਰ ਸਰੀਨ ਅਤੇ ਡਿਪਟੀ ਮੇਅਰ ਚੰਦਰ ਕਾਂਤਾ ਨੂੰ ਵਧਾਈ ਦਿੱਤੀ।ਇਸ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫ਼ਾਕ, ਐੱਸਐੱਸਪੀ ਬਟਾਲਾ ਰਛਪਾਲ ਸਿੰਘ ਅਤੇ ਹੋਰ ਅਧਿਕਾਰੀ, ਸ਼ਹਿਰ ਦੇ ਪਤਵੰਤੇ ਵੀ ਨਗਰ ਨਿਗਮ ਦਫ਼ਤਰ 'ਚ ਹਾਜ਼ਰ ਸਨ।