ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਪੁਲਿਸ ਥਾਣਾ ਕਲਾਨੌਰ ਅਧੀਨ ਆਉਂਦੇ ਪਿੰਡ ਦੋਸਤਪੁਰ ਵਿਖੇ ਤਿੰਨ ਭੈਣਾਂ ਦੇ ਇਕਲੌਤੇ ਭਰਾ ਨੇ ਪਤਨੀ ਤੇ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ ਕਰ ਲਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿ੍ਤਕ ਕਰਮਜੀਤ ਸਿੰਘ (35) ਦੇ ਪਿਤਾ ਮਨਜੀਤ ਸਿੰਘ ਵਾਸੀ ਦੋਸਤਪੁਰ ਨੇ ਦੱਸਿਆ ਕਿ ਉਸ ਦੀਆਂ ਤਿੰਨ ਬੇਟੀਆਂ ਤੇ ਇਕ ਬੇਟਾ ਹੈ। ਉਨ੍ਹਾਂ ਦੱਸਿਆ ਕਿ ਉਸ ਨੇ ਆਪਣੇ ਬੇਟੇ ਕਰਮਜੀਤ ਸਿੰਘ ਦਾ ਵਿਆਹ 9 ਸਾਲ ਪਹਿਲਾਂ ਰਜਿੰਦਰ ਕੌਰ ਵਾਸੀ ਚੌਧਰੀਵਾਲ ਨਾਲ ਕੀਤਾ ਸੀ।

ਉਨ੍ਹਾਂ ਦੱਸਿਆ ਕਿ ਪਿਛਲੇ ਪੰਜ-ਛੇ ਸਾਲਾਂ ਤੋਂ ਦੋਵਾਂ ਜੀਆਂ 'ਚ ਝਗੜਾ ਰਹਿਣ ਲੱਗ ਪਿਆ ਸੀ। ਕਰਮਜੀਤ ਸਿੰਘ ਦਾ ਸਹੁਰਾ, ਸੱਸ ਤੇ ਉਸ ਦੀ ਪਤਨੀ ਅਕਸਰ ਹੀ ਉਸ ਨੂੰ ਪਰੇਸ਼ਾਨ ਕਰਦੇ ਰਹਿੰਦੇ ਸਨ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿਣ ਲੱਗ ਪਿਆ। ਇਸੇ ਪਰੇਸ਼ਾਨੀ ਕਾਰਨ ਉਸ ਨੇ ਮੰਗਲਵਾਰ ਸ਼ਾਮ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਜਿਸ ਤੋਂ ਬਾਅਦ ਬੁੱਧਵਾਰ ਦੇਰ ਸ਼ਾਮ ਉਸ ਦੀ ਮੌਤ ਹੋ ਗਈ।

ਇਸ ਸਬੰਧੀ ਪੁਲਿਸ ਥਾਣਾ ਕਲਾਨੌਰ ਨੇ ਮਿ੍ਤਕ ਨੌਜਵਾਨ ਦੇ ਪਿਤਾ ਮਨਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮਿ੍ਤਕ ਨੌਜਵਾਨ ਦੀ ਪਤਨੀ ਰਜਿੰਦਰ ਕੌਰ, ਸਹੁਰਾ ਅਨੂਪ ਸਿੰਘ ਤੇ ਸੱਸ ਬਲਵਿੰਦਰ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।