ਸੁਖਦੇਵ ਸਿੰਘ, ਬਟਾਲਾ : ਬੀਤੀ ਰਾਤ ਸਥਾਨਕ ਫੋਕਲ ਪੁਆਇੰਟ 'ਚ ਰਹਿੰਦੇ ਇਕ ਨੌਜਵਾਨ ਪ੍ਰਵਾਸੀ ਮਜ਼ਦੂਰ ਵੱਲੋਂ ਫਾਹਾ ਲੈ ਕੇ ਜੀਵਨ ਲੀਲਾ ਖ਼ਤਮ ਕਰ ਲਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਮਨਬੀਰ ਸਿੰਘ ਥਾਣਾ ਸਿਵਲ ਲਾਈਨ ਬਟਾਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਫੋਕਲ ਪੁਆਇੰਟ 'ਚ ਇੱਕ ਪ੍ਰਵਾਸੀ ਮਜਦੂਰ ਨੇ ਆਤਮ ਹੱਤਿਆ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਉਹ ਮੌਕੇ ਤੇ ਪਹੁੰਚੇ ਤੇ ਫਾਹਾ ਲੱਗੀ ਹੋਈ ਮਿ੍ਤਕ ਦੀ ਲਾਸ਼ ਨੂੰ ਕਬਜ਼ੇ 'ਚ ਲਿਆ। ਉਨ੍ਹਾਂ ਦੱਸਿਆ ਕਿ ਮਿ੍ਤਕ ਦੀ ਪਛਾਣ ਦੀਪਕ ਕੁਮਾਰ ਉਮਰ ਕਰੀਬ 21 ਸਾਲ ਪੁੱਤਰ ਅਸ਼ੋਕ ਪਰਦਾਰ ਵਾਸੀ ਰਾਟਨ ਊਧਮ ਚਕ ਬਿਹਾਰ ਹਾਲ ਵਾਸੀ ਫੋਕਲ ਪੁਆਇੰਟ ਬਟਾਲਾ ਵਜੋਂ ਹੋਈ ਹੈ। ਮਿ੍ਤਕ ਦੇ ਨਜ਼ਦੀਕੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਕਮਰੇ 'ਚ ਸੌਣ ਲਈ ਗਿਆ ਸੀ ਪਰ ਸਵੇਰੇ ਜਦ ਉਸ ਦੇ ਕਮਰੇ 'ਚ ਦੇਖਿਆ ਤਾਂ ਉਸ ਦੀ ਲਾਸ਼ ਲਟਕਦੀ ਹੋਈ ਮਿਲੀ। ਜਿਸ ਦੀ ਉਨ੍ਹਾਂ ਨੇ ਤੁਰੰਤ ਥਾਣਾ ਸਿਵਲ ਲਾਈਨ ਦੀ ਪੁਲਿਸ ਨੂੰ ਸੂਚਨਾ ਦਿੱਤੀ। ਸਬ ਇੰਸਪੈਕਟਰ ਮਨਬੀਰ ਸਿੰਘ ਨੇ ਦੱਸਿਆ ਕਿ ਮਿ੍ਤਕ ਦੀਪਕ ਕੁਮਾਰ ਕਰੀਬ ਸੱਤ ਮਹੀਨੇ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਬਟਾਲਾ ਆਇਆ ਸੀ। ਉਨ੍ਹਾਂ ਨੇ ਦੱਸਿਆ ਕਿ ਲਾਕਡਾਊਨ ਦੇ ਚੱਲਦਿਆਂ ਮਿਹਨਤ ਮਜਦੂਰੀ ਨਾ ਮਿਲਣ ਕਰਕੇ ਦੀਪਕ ਕੁਮਾਰ ਅਕਸਰ ਪ੍ਰਰੇਸ਼ਾਨ ਰਹਿੰਦਾ ਸੀ, ਜਿਸ ਤੇ ਉਸ ਨੇ ਬੀਤੀ ਰਾਤ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਮਿ੍ਤਕ ਦੇ ਨਾਲ ਰਹਿੰਦੇ ਉਸ ਦੇ ਮਾਸੜ ਅਤੇ ਹੋਰ ਕੁਝ ਪਰਵਾਸੀ ਮਜ਼ਦੂਰਾਂ ਦੇ ਬਿਆਨ ਦੇ ਆਧਾਰ ਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ 174 ਦੀ ਕਾਨੂੰਨੀ ਕਾਰਵਾਈ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਥਾਣਾ ਸਿਵਲ ਲਾਈਨ ਬਟਾਲਾ 'ਚ ਕੇਸ ਦੀ ਤਫਦੀਸ਼ ਸ਼ੁਰੂ ਹੋ ਗਈ ਹੈ।