ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਗੰਨੇ ਦੀ ਫਸਲ ਉੱਪਰ ਕੀੜੇ ਮਕੌੜਿਆਂ ਦੇ ਹਮਲੇ ਸਬੰਧੀ ਨਿਰੀਖਣ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਬੁੱਧਵਾਰ ਨੂੰ ਬਲਾਕ ਕਲਾਨੌਰ ਅਧੀਨ ਆਉਂਦੇ ਵੱਖ ਵੱਖ ਸਰਹੱਦੀ ਪਿੰਡਾਂ ਵਿਚ ਮਾਹਰਾਂ ਵੱਲੋਂ ਗੰਨਾ ਕਾਸ਼ਤਕਾਰਾਂ ਦੇ ਖੇਤਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਡਾ. ਅਮਰੀਕ ਸਿੰਘ ਸਹਾਇਕ ਗੰਨਾ ਵਿਕਾਸ ਅਫਸਰ ਦੀ ਅਗਵਾਈ ਹੇਠ ਗੰਨਾ ਮਾਹਿਰਾਂ ਦੀ ਟੀਮ ਵੱਲੋਂ ਗੁਰਦਾਸਪੁਰ ਸਹਿਕਾਰੀ ਖੰਡ ਮਿੱਲ ਦੇ ਅਧਿਕਾਰਤ ਖੇਤਰ ਦੇ ਪਿੰਡਾਂ ਬਖਸ਼ੀਵਾਲ, ਕਲਾਨੌਰ, ਸ਼ਹੂਰ ਕਲਾਂ, ਬੋਹੜਵਡਾਲਾ ਤੇ ਦੋਸਤਪੁਰ ਦਾ ਦੌਰਾ ਕੀਤਾ ਗਿਆ। ਇਸ ਟੀਮ ਵਿਚ ਡਾ. ਵਿਕਰਾਂਤ ਸਿੰਘ ਗੰਨਾ ਮਾਹਿਰ ਖੇਤਰੀ ਖੋਜ ਕੇਂਦਰ ਪੀ.ਏ.ਯੂ. ਗੁਰਦਾਸਪੁਰ, ਡਾ.ਪਰਮਿੰਦਰ ਕੁਮਾਰ ਖੇਤੀਬਾੜੀ ਵਿਕਾਸ ਅਫਸਰ, ਧਿਆਨ ਸਿੰਘ,ਬਲਦੀਪ ਸਿੰਘ ਸਰਵੇਅਰ ਸ਼ਾਮਿਲ ਸਨ। ਗੰਨਾ ਮਾਹਰਾਂ ਦੀ ਟੀਮ ਨੇ ਮਿੱਲ ਵੱਲੋਂ ਕੀਤੇ ਸਰਵੇ ਤੋਂ ਇਲਾਵਾ ਟਿਸ਼ੂ ਕਲਚਰ,ਸਿੰਗਲ ਬੱਡ ਤਕਨੀਕ ਨਾਲ ਤਿਆਰ ਬੂਟਿਆਂ,ਖੋਜ ਕੇਂਦਰ ਦੁਆਰਾ ਮੁਹੱਈਆ ਕਰਵਾਏ ਬੀਜ ਅਤੇ ਕਿਸਾਨਾਂ ਦੁਆਰਾ ਆਪਣੇ ਤੌਰ 'ਤੇ ਤਿਆਰ ਕੀਤੇ ਜਾ ਰਹੇ ਬੀਜ ਨਰਸਰੀਆਂ ਦਾ ਨਿਰੀਖਣ ਵੀ ਕੀਤਾ ਗਿਆ। ਪਿੰਡ ਬਖਸ਼ੀਵਾਲ ਦੇ ਅਗਾਂਹਵਧੂ ਗੰਨਾ ਕਾਸ਼ਤਕਾਰ ਜਸਕਰਨ ਸਿੰਘ ਦੇ ਫਾਰਮ 'ਤੇ ਗੰਨੇ ਦੀ ਫਸਲ ਦਾ ਨਿਰੀਖਣ ਕਰਨ ਉਪਰੰਤ ਗੱਲਬਾਤ ਕਰਦਿਆਂ ਡਾ.ਅਮਰੀਕ ਸਿੰਘ ਨੇ ਕਿਹਾ ਕਿ ਗੰਨੇ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਤੇ ਖੰਡ ਰਿਕਵਰੀ ਵਿਚ ਵਾਧਾ ਕਰਨ ਲਈ ਜ਼ਰੂਰੀ ਹੈ ਕਿ ਸੀਓ 0238 ਹੇਠੋਂ ਕੁਝ ਰਕਬਾ ਘਟਾ ਕੇ ਨਵੀਂਆਂ ਕਿਸਮਾਂ ਸੀ ਉ ਪੀ ਬੀ 95,96 ਅਤੇ ਸੀ ਓ 15023 ਹੇਠ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਸਰਵੇ ਦੌਰਾਨ ਪਾਇਆ ਗਿਆ ਹੈ ਕਿ ਮੌਸਮ ਅਨਕੂਲ ਰਹਿਣ ਕਾਰਨ ਗੰਨੇ ਦੀ ਫਸਲ ਦੀ ਹਾਲਤ ਤਸੱਲੀ ਬਖਸ਼ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਗੰਨੇ ਦੀ ਫਸਲ ਉੱਪਰ ਕਿਸੇ ਮੁੱਖ ਕੀੜੇ ਜਾਂ ਬਿਮਾਰੀ ਦਾ ਹਮਲਾ ਨਹੀਂ ਹੋਇਆ ਫਿਰ ਵੀ ਗੰਨੇ ਦੀ ਫਸਲ ਦਾ ਨਿਰੰਤਰ ਨਿਰੀਖਣ ਕਰਨ ਦੀ ਜ਼ਰੂਰਤ ਹੈ। ਡਾ.ਵਿਕਰਾਂਤ ਸਿੰਘ ਨੇ ਕਿਹਾ ਕਿ ਕਮਾਦ ਦੀ ਫਸਲ ਨੂੰ ਡਿੱਗਣ ਤੋਂ ਬਚਾਉਣ ਲਈ ਅਗਸਤ ਮਹੀਨੇ ਦੇ ਅਖੀਰ ਤਕ ਮੂੰਇਆਂ ਦੀ ਬੰਨਾਈ ਕਰਵਾ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗੰਨੇ ਦੇ ਤਣੇ ਦੇ ਗੜੂੰਏ ਦੀ ਰੋਖਥਾਮ ਲਈ ਮਿੱਤਰ ਕੀੜਾ ਟਰਾਈਕੋਗਰਮਾ ਕਿਲੋਨਸ 20,000 ਪ੍ਰਤੀ ਏਕੜ ਦੇ ਹਿਸਾਬ ਨਾਲ ਜੁਲਾਈ ਤੋਂ ਅਕਤੂਬਰ ਤਕ ਦਸ ਦਿਨਾਂ ਦੇ ਵਕਫੇ ਤੇ ਖੇਤ ਵਿਚ ਛੱਡੋ। ਉਨ੍ਹਾਂ ਕਿਹਾ ਕਿ ਇਹ ਕਾਰਡ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਕੋਲ ਉਪਲਬਧ ਹਨ। ਡਾ.ਪਰਮਿੰਦਰ ਕੁਮਾਰ ਨੇ ਕਿਹਾ ਕਿ ਅੱਸੂ ਦੀ ਬਿਜਾਈ ਤਾਂ ਹੀ ਆਰਥਿਕ ਪੱਖੋਂ ਫਾਇਦੇਮੰਦ ਹੈ ਜੇਕਰ ਗੰਨੇ ਦੀ ਫਸਲ ਵਿਚ ਅੰਤਰ ਫਸਲਾਂ ਦੇ ਤੌਰ 'ਤੇ ਹੋਰਨਾਂ ਹਾੜੀ ਦੀਆਂ ਫਸਲਾਂ ਦੀ ਕਾਸ਼ਤ ਕੀਤੀ ਜਾਵੇ। ਗੰਨਾ ਕਾਸ਼ਤਕਾਰ ਜਸਕਰਨ ਸਿੰਘ ਅਤੇ ਰਜਨੀਸ਼ ਕੁਮਾਰ ਨੇ ਕਿਹਾ ਕਿ ਗੰਨੇ ਦੀ ਫਸਲ ਹੇਠਾਂ ਰਕਬਾ ਵਧਾਉਣ ਲਈ ਗੰਨੇ ਦੀ ਅਦਾਇਗੀ ਸਮੇਂ ਸਿਰ ਕਰਨੀ ਬਹੁਤ ਜ਼ਰੂਰੀ ਹੈ। ਉਨ੍ਹਾਂ ਮੰਗ ਕੀਤੀ ਕਿ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਫਸਲ ਦੀ ਕਾਸਤ ਲਈ ਲੋੜੀਂਦੀ ਖੇਤੀ ਸਮੱਗਰੀ ਤੇ ਮਸ਼ੀਨਰੀ ਸਹਿਕਾਰੀ ਖੰਡ ਮਿੱਲ ਵੱਲੋਂ ਦੇਣੀ ਚਾਹੀਦੀ ਹੈ।