ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ

ਅਕਾਲੀ ਭਾਜਪਾ ਸਰਕਾਰ ਦੌਰਾਨ ਹੋਂਦ ਵਿਚ ਆਈ ਸਬ ਡਵੀਜ਼ਨ ਕਲਾਨੌਰ ਦੇ ਸਬ ਡਿਵੀਜ਼ਨ ਪੱਧਰ 'ਤੇ ਉੱਚ ਅਧਿਕਾਰੀਆਂ ਨੂੰ ਅਜੇ ਤਕ ਪੱਕੇ ਦਫਤਰ ਨਸੀਬ ਨਹੀਂ ਹੋ ਸਕੇ ਜਿਸ ਕਾਰਨ ਮਾਣਯੋਗ ਐੱਸਡੀਐੱਮ ਤੇ ਡੀਐੱਸਪੀ ਉੱਚ ਅਧਿਕਾਰੀਆਂ ਨੂੰ ਆਰਜ਼ੀ ਥਾਵਾਂ 'ਤੇ ਬੈਠ ਕੇ ਡਿਊਟੀ ਕਰ ਰਹੇ ਹਨ।

ਦੱਸਣਯੋਗ ਹੈ ਕਿ 2017 ਵਿਚ ਉਸ ਸਮੇਂ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਕਲਾਨੌਰ ਵਿਚ ਸਬ ਡਵੀਜ਼ਨ ਬਣਵਾਈ ਗਈ ਸੀ ਜਿਸ ਉਪਰੰਤ ਇਸ ਸਬ ਡਵੀਜ਼ਨ ਕਲਾਨੌਰ ਵਿਚ ਐੱਸਡੀਐੱਮ, ਡੀਐੱਸਪੀ ਅਤੇ ਤਹਿਸੀਲਦਾਰ ਦੀ ਤਾਇਨਾਤੀ ਕੀਤੀ ਗਈ ਸੀ ਪਰੰਤੂ ਕਰੀਬ 5 ਸਾਲ ਬੀਤ ਜਾਣ ਤੋਂ ਬਾਅਦ ਵੀ ਅੱਜੇ ਤਕ ਸਬ ਡਵੀਜ਼ਨ ਕਲਾਨੌਰ ਦੇ ਐੱਸਡੀਐੱਮ ਕੰਪਲੈਕਸ ਦਾ ਦਫਤਰ ਨਾ ਹੋਣ ਕਾਰਨ ਐੱਸਡੀਐੱਮ ਦਾ ਦਫਤਰ ਮਾਰਕੀਟ ਕਮੇਟੀ ਕਲਾਨੌਰ ਅਤੇ ਡੀਐੱਸਪੀ ਦਾ ਦਫ਼ਤਰ ਜ਼ਿਲ੍ਹਾ ਹੈੱਡ ਕੁਆਰਟਰ ਗੁਰਦਾਸਪੁਰ ਸਥਿਤ ਹੈ। ਸਬ ਡਿਵੀਜ਼ਨ ਕਲਾਨੌਰ ਅਧੀਨ ਸੈਂਕੜੇ ਤੋਂ ਵੱਧ ਪਿੰਡਾਂ ਦੇ ਲੋਕਾਂ ਨਾਲ ਸਬੰਧਿਤ ਜ਼ਮੀਨੀ ਕੇਸਾਂ, ਫੌਜਦਾਰੀ ਅਤੇ ਹੋਰ ਕੇਸਾਂ ਸਬੰਧੀ ਮਾਨਯੋਗ ਐੱਸਡੀਐੱਮ ਅਦਾਲਤ ਕਲਾਨੌਰ ਸਥਿਤ ਮਾਰਕੀਟ ਕਮੇਟੀ ਦੇ ਦਫ਼ਤਰ ਵਿਖੇ ਲੱਗਦੀ ਹੈ। ਇਸ ਤੋਂ ਇਲਾਵਾ ਮਾਰਕੀਟ ਕਮੇਟੀ ਦਫਤਰ ਵਿਚ ਸਕੱਤਰ ਤੋਂ ਇਲਾਵਾ ਕਰਮਚਾਰੀ ਡਿਊਟੀ ਕਰਦੇ ਹਨ ਜਦ ਕਿ ਇਸ ਸਮੇਂ ਇਸ ਦਫ਼ਤਰ ਵਿਚ ਹੀ ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਦਫ਼ਤਰ ਵੀ ਹੈ ਅਤੇ ਮਾਰਕੀਟ ਕਮੇਟੀ ਵਿਚ ਦੋਵਾਂ ਦਫਤਰਾਂ ਦੇ ਨਾਲੋ ਨਾਲ ਐੱਸਡੀਐੱਮ ਮਾਰਕੀਟ ਕਮੇਟੀ ਚੇਅਰਮੈਨ ਦੀਆਂ ਤਖ਼ਤੀਆਂ ਲੱਗੀਆਂ ਹੋਈਆਂ ਹਨ। ਮਾਰਕੀਟ ਕਮੇਟੀ ਕਲਾਨੌਰ ਵਿਖੇ ਬਣੇ ਐੱਸਡੀਐੱਮ ਦਫਤਰ ਵਿਚ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਕੜਾਕੇ ਦੀ ਗਰਮੀ ਦੌਰਾਨ ਐਸਡੀਐਮ ਕੰਪਲੈਕਸ ਨਾ ਹੋਣ ਕਾਰਨ ਉਨ੍ਹਾਂ ਨੂੰ ਪੇ੍ਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।