ਸ਼ਾਮ ਸਿੰਘ ਘੁੰਮਣ, ਦੀਨਾਨਗਰ : ਕਾਰਗਿਲ ਦੀ ਜੰਗ ਭਾਰਤੀ ਫ਼ੌਜ ਦੀ ਬੇਮਿਸਾਲ ਬਹਾਦਰੀ ਦੇ ਜਜ਼ਬੇ ਦੀ ਗਵਾਹੀ ਭਰਦੀ ਹੈ। ਇਸ ਜੰਗ 'ਚ ਸੈਂਕੜੇ ਵੀਰ ਜਵਾਨਾਂ ਨੇ ਸ਼ਹਾਦਤਾਂ ਦੇ ਕੇ ਜਿੱਥੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਿਆ, ਉਥੇ ਹੀ ਦੁਨੀਆ ਭਰ 'ਚ ਭਾਰਤੀ ਫ਼ੌਜ ਦੀ ਦਲੇਰੀ ਦੀ ਮਿਸਾਲ ਪੇਸ਼ ਕੀਤੀ ਸੀ।

ਕਾਰਗਿਲ ਜੰਗ 'ਚ ਅਜਿਹੀ ਹੀ ਬਹਾਦਰੀ ਦਾ ਝੰਡਾ ਬੁਲੰਦ ਵਾਲਾ ਇਕ ਵੀਰ ਯੋਧਾ ਦੀਨਾਨਗਰ ਦੇ ਨਾਲ ਲੱਗਦੇ ਕਸਬਾ ਘਰੋਟਾ ਦਾ ਹੈ। ਵੀਰ ਚੱਕਰ ਵਿਜੇਤਾ ਰਿਟਾ. ਕੈਪਟਨ ਰਘੁਨਾਥ ਸਿੰਘ, ਜਿਸ ਦੀਆਂ ਅੱਖਾਂ 'ਚ ਅੱਜ 20 ਸਾਲ ਮਗਰੋਂ ਵੀ ਕਾਰਗਿਲ ਜੰਗ ਦਾ ਜ਼ਿਕਰ ਆਉਂਦਿਆਂ ਗੁੱਸਾ ਸਾਫ ਝਲਕਦਾ ਹੈ। ਕਾਰਗਿਲ ਜੰਗ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਕੈਪਟਨ ਰਘੁਨਾਥ ਸਿੰਘ, ਪਰਮਵੀਰ ਚੱਕਰ ਵਿਜੇਤਾ ਸ਼ਹੀਦ ਕੈਪਟਨ ਵਿਕਰਮ ਬੱਤਰਾ ਨੂੰ ਜੰਗ ਦਾ ਨਾਇਕ ਦੱਸਦੇ ਹਨ।

ਉਨ੍ਹਾਂ ਦੱਸਿਆ ਕਿ ਕਾਰਗਿਲ ਜੰਗ 'ਚ ਕਈ ਜਾਂਬਾਜ਼ ਸੈਨਿਕਾਂ ਨੇ ਅਪਣੀਆਂ ਸ਼ਹਾਦਤਾਂ ਦੇ ਕੇ ਦੇਸ਼ ਦਾ ਸਿਰ ਉੱਚਾ ਕੀਤਾ ਸੀ ਪਰ ਉਨ੍ਹਾਂ ਅਨੁਸਾਰ ਕਾਰਗਿਲ ਜੰਗ ਦਾ ਨਾਇਕ ਕੈਪਟਨ ਬਿਕਰਮ ਬੱਤਰਾ ਸੀ, ਜਿਸ ਦੀ ਦਲੇਰੀ ਅਤੇ ਜਾਂਬਾਜ਼ੀ ਦੀ ਕਹਾਣੀ ਸੁਣ ਕੇ ਹਰੇਕ ਦੇਸ਼ ਵਾਸੀ ਦਾ ਸਿਰ ਫ਼ਖਰ ਨਾਲ ਉੱਚਾ ਹੋ ਜਾਂਦਾ ਹੈ। 9 ਸਤੰਬਰ 1974 ਨੂੰ ਪਾਲਮਪੁਰ ਵਿਖੇ ਜਨਮੇ ਬਿਕਰਮ ਬੱਤਰਾ ਨੇ 1996 'ਚ ਸੀਡੀਐੱਸ ਰਾਹੀਂ ਭਾਰਤੀ ਫ਼ੌਜ ਅਕੈਡਮੀ ਦੇਹਰਾਦੂਨ ਵਿਖੇ ਦਾਖਲਾ ਲਿਆ। 1999 'ਚ ਪਾਕਿਸਤਾਨ ਨੇ ਜਦੋਂ ਕਾਰਗਿਲ 'ਚ ਜੰਗ ਦੇ ਹਲਾਤ ਪੈਦਾ ਕੀਤੇ ਤਾਂ 13 ਜੈਕ ਰਾਈਫਲ ਯੂਨਿਟ ਦੇ ਕੈਪਟਨ ਬਿਕਰਮ ਬੱਤਰਾ ਨੂੰ ਸੋਪੋਰ ਤੋਂ ਕਾਰਗਿਲ ਭੇਜਿਆ ਗਿਆ।

ਬਰਫੀਲੀ ਚੋਟੀ ਤੇ ਤਿਰੰਗਾ ਲਹਿਰਾ ਕੇ ਕਿਹਾ “ਯੇਹ ਦਿਲ ਮਾਂਗੇ ਮੋਰ”

ਕੈਪਟਨ ਰਘੁਨਾਥ ਸਿੰਘ ਨੇ ਦੱਸਿਆ ਕਿ ਸਿਰਫ 18 ਮਹੀਨਿਆਂ ਦੀ ਨੌਕਰੀ ਦੌਰਾਨ ਹੀ ਕੈਪਟਨ ਬਿਕਰਮ ਬੱਤਰਾ ਨੂੰ ਕਾਰਗਿਲ ਜੰਗ 'ਚ ਕੁੱਦਣਾ ਪਿਆ ਸੀ, ਉਦੋਂ ਆਪ (ਕੈਪਟਨ ਰਘੁਨਾਥ ਸਿੰਘ) ਵੀ ਸੂਬੇਦਾਰ ਹੁੰਦਿਆਂ ਉਨ੍ਹਾਂ ਦੇ ਨਾਲ ਸਨ। 22 ਜੂਨ 1999 ਨੂੰ ਦਰਾਸ ਸੈਕਟਰ ਦੀ ਪੁਆਇੰਟ 5140 ਚੋਟੀ, ਜਿਸ 'ਤੇ ਦੁਸ਼ਮਣ ਨੇ ਕਬਜ਼ਾ ਕੀਤਾ ਹੋਇਆ ਸੀ, ਵਿਖੇ ਕੈਪਟਨ ਬਿਕਰਮ ਬੱਤਰਾ ਨੇ ਦਲੇਰੀ ਦੀ ਮਿਸਾਲ ਪੇਸ਼ ਕਰਦਿਆਂ 10 ਪਕਿਸਤਾਨੀ ਸੈਨਿਕਾਂ ਨੂੰ ਮਾਰ ਕੇ ਚੋਟੀ 'ਤੇ ਕਬਜ਼ਾ ਕਰ ਕੇ ਤਿਰੰਗਾ ਲਹਿਰਾ ਦਿੱਤਾ। ਚੋਟੀ ਫਤਿਹ ਕਰਨ ਦੀ ਜਾਣਕਾਰੀ ਕੈਪਟਨ ਬੱਤਰਾ ਨੇ ਆਪਣੇ ਕਮਾਂਡਿੰਗ ਅਫਸਰ ਨੂੰ ਦਿੰਦਿਆਂ ਅਗਲੇ ਟੀਚੇ ਦੀ ਮੰਗ ਕੀਤੀ ਅਤੇ ਕਿਹਾ,''ਯੇਹ ਦਿਲ ਮਾਂਗੇ ਮੋਰ।'' ਕੈਪਟਨ ਬੱਤਰਾ ਦਾ ਇਹ ਨਾਅਰਾ ਸਾਰੇ ਦੇਸ਼ ਭਰ 'ਚ ਚਰਚਿਤ ਹੋਇਆ, ਜਿਸ ਨੇ ਪੂਰੇ ਦੇਸ਼ ਅੰਦਰ ਜੋਸ਼ ਭਰ ਦਿੱਤਾ ਸੀ।

ਸਾਥੀ ਸੈਨਿਕਾਂ ਨੂੰ ਬਚਾਉਂਦਿਆਂ ਪੀਤਾ ਸ਼ਹਾਦਤ ਦਾ ਜਾਮ

ਕੈਪਟਨ ਰਘੁਨਾਥ ਸਿੰਘ ਨੇ ਦੱਸਿਆ ਕਿ 7 ਜੁਲਾਈ 1999 ਨੂੰ ਉਨ੍ਹਾਂ ਨੂੰ ਅਤੇ ਕੈਪਟਨ ਬਿਕਰਮ ਬੱਤਰਾ ਨੂੰ ਮਾਸਕੋ ਘਾਟੀ ਦੀ ਪੁਆਇੰਟ 4875 ਚੋਟੀ ਨੂੰ ਦੁਸ਼ਮਣਾਂ ਤੋਂ ਆਜ਼ਾਦ ਕਰਵਾਉਣ ਦਾ ਟੀਚਾ ਮਿਲਿਆ, ਜਿਸ ਨੂੰ ਸਫਲਤਾ ਪੂਰਵਕ ਮੁਕੰਮਲ ਕਰ ਲਿਆ ਸੀ। ਇਸੇ ਦੌਰਾਨ ਕੈਪਟਨ ਬਿਕਰਮ ਬੱਤਰਾ ਦੀ ਨਜ਼ਰ ਆਪਣੇ ਜੂਨੀਅਰ ਸਾਥੀ ਲੈਫਟੀਨੈਂਟ ਨਵੀਨ 'ਤੇ ਪਈ, ਜਿਸ ਦਾ ਪੈਰ ਦੁਸ਼ਮਣ ਵੱਲੋਂ ਸੁੱਟੇ ਗਏ ਗਰਨੇਡ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ।

ਕੈਪਟਨ ਬੱਤਰਾ ਆਪਣੇ ਸਾਥੀ ਕੈਪਟਨ ਨਵੀਨ ਨੂੰ ਮੋਢੇ 'ਤੇ ਚੁੱਕ ਕੇ ਕਿਸੇ ਸੁਰੱਖਿਅਤ ਥਾਂ 'ਤੇ ਲਿਜਾ ਰਹੇ ਸਨ ਤਾਂ ਅਚਾਨਕ ਲੁਕੇ ਬੈਠੇ ਦੁਸ਼ਮਣ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਇਕ ਗੋਲੀ ਕੈਪਟਨ ਬਿਕਰਮ ਬੱਤਰਾ ਦੀ ਛਾਤੀ ਚੀਰਦੇ ਹੋਏ ਆਰ ਪਾਰ ਹੋ ਗਈ ਪਰ ਕੈਪਟਨ ਬੱਤਰਾ ਨੇ ਫਿਰ ਵੀ ਹਿੰਮਤ ਨਹੀਂ ਹਾਰੀ ਅਤੇ ਆਪਣੇ ਸਾਥੀ ਨੂੰ ਸੁਰੱਖਿਅਤ ਟਿਕਾਣੇ ਪਹੁੰਚਾਉਣ ਮਗਰੋਂ ਪੰਜ ਹੋਰ ਦੁਸ਼ਮਣ ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰਣ ਉਪਰੰਤ ਸ਼ਹਾਦਤ ਦਾ ਜਾਮ ਪੀ ਗਏ। ਉਨ੍ਹਾਂ ਦੀ ਅਦਭੁੱਤ ਬਹਾਦਰੀ ਬਦਲੇ ਭਾਰਤ ਸਰਕਾਰ ਵੱਲੋਂ ਕੈਪਟਨ ਬਿਕਰਮ ਬੱਤਰਾ ਨੂੰ ਮਰਨ ਉਪਰੰਤ ਪਰਮਵੀਰ ਚੱਕਰ ਨਾਲ ਸਨਮਾਨਤ ਕੀਤਾ ਗਿਆ ਸੀ।

ਕੈਪਟਨ ਬੱਤਰਾ ਦੀ ਸ਼ਹਾਦਤ ਮਗਰੋਂ ਸੂਬੇਦਾਰ ਰਘੁਨਾਥ ਸਿੰਘ ਨੇ ਸੰਭਾਲੀ ਸੀ ਕਮਾਂਡ

ਕਾਰਗਿਲ ਜੰਗ ਦੌਰਾਨ ਜਦੋਂ ਕੈਪਟਨ ਬਿਕਰਮ ਬੱਤਰਾ ਸ਼ਹਾਦਤ ਦਾ ਜਾਮ ਪੀ ਗਏ ਤਾਂ ਉਨ੍ਹਾਂ ਦੀ ਟੀਮ 'ਚ ਉਸ ਵੇਲੇ ਬਤੌਰ ਸੂਬੇਦਾਰ ਤਾਇਨਾਤ ਰਘੁਨਾਥ ਸਿੰਘ ਨੇ ਕਮਾਂਡ ਸੰਭਾਲੀ ਅਤੇ ਦੁਸ਼ਮਣ ਦਾ ਮੁਕਾਬਲਾ ਕੀਤਾ। ਇਸ ਦੌਰਾਨ ਉਨ੍ਹਾਂ ਦੀ ਟੀਮ ਨੇ ਪਾਕਿਸਤਾਨੀ ਫ਼ੌਜ ਦੇ ਗਰੁੱਪ ਕਮਾਂਡਰ ਇਮਤਿਆਜ਼ ਖਾਂ ਸਮੇਤ 12 ਪਾਕਿਸਤਾਨੀ ਸੈਨਿਕਾਂ ਨੂੰ ਢੇਰ ਕਰਕੇ ਬਰਫੀਲੀ ਚੋਟੀ 'ਤੇ ਤਿਰੰਗਾ ਲਹਿਰਾ ਕੇ ਕੈਪਟਨ ਬਿਕਰਮ ਬੱਤਰਾ ਦੀ ਸ਼ਹਾਦਤ ਦਾ ਬਦਲਾ ਲਿਆ। ਇਸ ਬਹਾਦਰੀ ਬਦਲੇ ਸੂਬੇਦਾਰ ਰਘੁਨਾਥ ਸਿੰਘ ਨੂੰ ਵੀ ਰਾਸ਼ਟਰਪਤੀ ਵੱਲੋਂ ਵੀਰ ਚੱਕਰ ਨਾਲ ਸਨਮਾਨਤ ਕੀਤਾ ਗਿਆ ਸੀ।

ਸ਼ਹੀਦਾਂ ਦੀ ਸ਼ਹਾਦਤ 'ਤੇ ਪੂਰੇ ਦੇਸ਼ ਨੂੰ ਹਮੇਸ਼ਾ ਰਹੇਗਾ ਮਾਣ : ਕੁੰਵਰ ਵਿੱਕੀ

ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਜਿਸ ਬਹਾਦਰੀ ਨਾਲ ਭਾਰਤੀ ਫ਼ੌਜ ਨੇ ਕਾਰਗਿਲ ਦੀ ਜੰਗ ਲੜੀ ਸੀ, ਉਸ ਦੀ ਮਿਸਾਲ ਪੂਰੀ ਦੁਨੀਆ 'ਚ ਕਿਤੇ ਵੀ ਨਹੀਂ ਮਿਲਦੀ। ਇਸ ਜੰਗ ਦੌਰਾਨ ਸ਼ਹੀਦ ਹੋਏ 528 ਭਾਰਤੀ ਫੌਜੀਆਂ ਦੀ ਸ਼ਹਾਦਤ ਦਾ ਦੁੱਖ ਤਾਂ ਹੈ ਪਰ ਭਾਰਤੀ ਫ਼ੌਜ ਨੇ ਦੁਸ਼ਮਣਾਂ ਨੂੰ ਜਿਸ ਢੰਗ ਨਾਲ ਆਪਣੇ ਇਲਾਕੇ 'ਚੋਂ ਖਦੇੜਿਆ ਅਤੇ ਜਿੱਤ ਦੇ ਝੰਡੇ ਗੱਡੇ ਸਨ, ਉਸ ਤੋਂ ਪੂਰੇ ਦੇਸ਼ ਨੂੰ ਅਪਣੇ ਜਾਂਬਾਜ਼ ਸੈਨਿਕਾਂ ਦੇ ਮਾਣ ਰਹੇਗਾ।