ਆਕਾਸ਼/ਸੁਰਿੰਦਰ ਮਹਾਜਨ, ਗੁਰਦਾਸਪੁਰ/ਪਠਾਨਕੋਟ : 1947 'ਚ ਭਾਰਤ-ਪਾਕਿ ਦੀ ਵੰਡ ਦੌਰਾਨ ਬੇਸ਼ੱਕ ਭਾਰਤ ਨੂੰ 15 ਅਗਸਤ ਵਾਲੇ ਦਿਨ ਆਜ਼ਾਦੀ ਮਿਲ ਗਈ, ਪਰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੋ ਦਿਨ ਨਵੇਂ ਬਣੇ ਦੇਸ਼ ਪਾਕਿਸਤਾਨ ਦਾ ਹਿੱਸਾ ਬਣਿਆ ਰਿਹਾ। ਇਹੋ ਨਹੀਂ ਪਾਕਿਸਤਾਨ ਸਰਕਾਰ ਵੱਲੋਂ ਆਪਣੇ ਡੀਸੀ ਅਤੇ ਆਪਣੇ ਐੱਸਪੀ ਨੂੰ ਵੀ ਗੁਰਦਾਸਪੁਰ ਦਾ ਚਾਰਜ ਲੈਣ ਲਈ ਭੇਜ ਦਿੱਤਾ ਗਿਆ ਸੀ। 16 ਅਗਸਤ ਨੂੰ ਜ਼ਿਲ੍ਹਾ ਗੁਰਦਾਸਪੁਰ ਦੀਆਂ ਚਾਰ ਤਹਿਸੀਲਾਂ 'ਚੋਂ ਇਕ ਸ਼ੱਕਰਗੜ੍ਹ ਤਹਿਸੀਲ ਨੂੰ ਕੱਟ ਕੇ ਸਿਰਫ ਤਿੰਨ ਨੂੰ ਹੀ ਭਾਰਤ ਦਾ ਹਿੱਸਾ ਐਲਾਨਿਆ ਗਿਆ, ਜਿਸ ਨੂੰ 17 ਅਗਸਤ ਨੂੰ ਜਨਤਕ ਕੀਤਾ ਗਿਆ। ਇਸ ਤੋਂ ਬਾਅਦ ਜ਼ਿਲ੍ਹਾ ਗੁਰਦਾਸਪੁਰ ਵਿਚ ਮੌਜੂਦ ਘੱਟ ਗਿਣਤੀ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਸੁਰੱਖਿਅਤ ਪਾਕਿਸਤਾਨ ਪਹੁੰਚਾਉਣ ਲਈ ਗੁਰਦਾਸਪੁਰ ਦੇ ਪਿੰਡ ਪਨਿਆੜ 'ਚ ਰਫਿਊਜ਼ੀ ਕੈਂਪ ਲਗਾਇਆ ਗਿਆ, ਜਿੱਥੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਖੁਦ ਪਹੁੰਚੇ ਸਨ।

ਇਹ ਜਾਣਕਾਰੀ ਸਾਂਝੀ ਕਰਦਿਆਂ ਪ੍ਰਸਿੱਧ ਇਤਿਹਾਸਕਾਰ ਪ੍ਰੋਫੈਸਰ ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ 1947 'ਚ ਭਾਰਤ-ਪਾਕਿ ਦੀ ਵੰਡ ਦੌਰਾਨ ਪੰਜਾਬ ਦੀ ਵੰਡ ਲਈ ਰੈੱਡ ਕਲਿਫ ਕਮਿਸ਼ਨ ਬਣਾਇਆ ਗਿਆ, ਜਿਸ ਦਾ ਇੰਚਾਰਜ ਸਰ ਸਾਇਰਲ ਰੈੱਡ ਕਲਿਫ ਨੂੰ ਥਾਪਿਆ ਗਿਆ। ਉਨ੍ਹਾਂ ਦੱਸਿਆ ਕਿ ਵੰਡ ਦਾ ਆਧਾਰ 1941 ਵਿਚ ਹੋਈ ਜਨਗਣਨਾ ਨੂੰ ਬਣਾਇਆ ਗਿਆ, ਜਿਸ ਮੁਤਾਬਕ ਜ਼ਿਲ੍ਹਾ ਗੁਰਦਾਸਪੁਰ 'ਚ 56.4 ਫ਼ੀਸਦੀ ਮੁਸਲਿਮ ਆਬਾਦੀ ਸੀ। ਹਿੰਦੂ ਅਤੇ ਮੁਸਲਿਮ ਆਬਾਦੀ 'ਚ ਮਾਮੂਲੀ ਅੰਤਰ ਹੋਣ ਕਾਰਨ ਜ਼ਿਲ੍ਹਾ ਗੁਰਦਾਸਪੁਰ ਨੂੰ ਪਾਕਿਸਤਾਨ ਦਾ ਹਿੱਸਾ ਬਣਾਇਆ ਜਾਣਾ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ 'ਚ ਉਸ ਸਮੇਂ ਚਾਰ ਤਹਿਸੀਲਾਂ ਗੁਰਦਾਸਪੁਰ, ਬਟਾਲਾ, ਪਠਾਨਕੋਟ ਅਤੇ ਸ਼ੱਕਰਗੜ੍ਹ ਸ਼ਾਮਲ ਸੀ। ਸ਼ੱਕਰਗੜ੍ਹ ਤਹਿਸੀਲ ਰਾਵੀ ਦਰਿਆ ਦੇ ਪਾਰ ਪਾਕਿਸਤਾਨ ਵੱਲ ਹੈ।

ਪਾਕਿਸਤਾਨ ਨੇ ਆਪਣੇ ਡੀਸੀ ਤੇ ਐੱਸਪੀ ਵੀ ਗੁਰਦਾਸਪੁਰ ਭੇਜ ਦਿੱਤੇ ਸਨ

ਗੁਰਦਾਸਪੁਰ ਦੇ ਪਾਕਿਸਤਾਨ ਵਿਚ ਜਾਣ ਦੀ ਸੰਭਾਵਨਾ ਦੇ ਚੱਲਦਿਆਂ ਸ਼ਹਿਰ ਦੇ ਅਮੀਰ ਪਰਿਵਾਰਾਂ ਨੇ ਆਪਣੇ ਬੱਚੇ, ਔਰਤਾਂ ਅਤੇ ਕੀਮਤੀ ਸਾਮਾਨ ਨੂੰ ਦਰਿਆ ਬਿਆਸ ਦੇ ਪਾਰ ਪੈਂਦੇ ਭਾਰਤ ਦੇ ਹਿੱਸੇ 'ਚ ਭੇਜਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ 14 ਅਗਸਤ ਨੂੰ ਪਾਕਿਸਤਾਨ ਦੀ ਸੰਭਾਵਤ ਸਰਕਾਰ ਵੱਲੋਂ ਆਪਣੇ ਡੀਸੀ ਅਤੇ ਐੱਸਪੀ ਨੂੰ ਚਾਰਜ ਲੈਣ ਲਈ ਗੁਰਦਾਸਪੁਰ ਭੇਜ ਦਿੱਤਾ ਗਿਆ ਸੀ। ਇਸ ਪਿੱਛੋਂ ਮੁਸਲਿਮ ਭਾਈਚਾਰੇ ਵੱਲੋਂ ਨਗਰ ਕੌਂਸਲ ਗੁਰਦਾਸਪੁਰ 'ਚ ਲੱਡੂ ਵੰਡੇ ਗਏ ਅਤੇ ਕੌਂਸਲ ਦਫਤਰ ਤੋਂ ਤਿੱਬੜੀ ਰੋਡ ਤਕ ਵਿਸ਼ਾਲ ਮਾਰਚ ਕੱਢਦੇ ਹੋਏ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ, ਜਿਸ ਨੂੰ ਦੇਖ ਕੇ ਗੁਰਦਾਸਪੁਰ ਦੇ ਹਿੰਦੂ ਅਤੇ ਸਿੱਖ ਪਰਿਵਾਰ ਸਹਿਮ ਗਏ ਅਤੇ ਘਰ ਛੱਡਣ ਦੀਆਂ ਤਿਆਰੀਆਂ 'ਚ ਲੱਗ ਗਏ ਪਰ 17 ਅਗਸਤ ਦੀ ਸਵੇਰੇ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਗੁਰਦਾਸਪੁਰ ਜ਼ਿਲ੍ਹੇ ਦੀ ਸ਼ੱਕਰਗੜ੍ਹ ਤਹਿਸੀਲ ਨੂੰ ਛੱਡ ਕੇ ਬਾਕੀ ਤਿੰਨ ਤਹਿਸੀਲਾਂ ਨੂੰ ਭਾਰਤੀ ਪੰਜਾਬ ਦਾ ਹਿੱਸਾ ਐਲਾਨਿਆ ਗਿਆ ਹੈ। ਜਦਕਿ ਸ਼ੱਕਰਗੜ੍ਹ ਤਹਿਸੀਲ ਨੂੰ ਪਾਕਿਸਤਾਨ ਦੇ ਸਿਆਲਕੋਟ ਜ਼ਿਲ੍ਹੇ ਵਿਚ ਜੋੜਿਆ ਗਿਆ ਹੈ, ਜਿਸ ਤੋਂ ਬਾਅਦ ਗੁਰਦਾਸਪੁਰ ਦੇ ਹਿੰਦੂ ਸਿੱਖ ਪਰਿਵਾਰਾਂ 'ਚ ਇਕ ਵਾਰ ਫਿਰ ਤੋਂ ਨਵਾਂ ਉਤਸ਼ਾਹ ਪੈਦਾ ਹੋ ਗਿਆ। 17 ਅਗਸਤ ਨੂੰ ਹਿੰਦੂ ਸਿੱਖ ਪਰਿਵਾਰਾਂ ਨੇ ਗੁਰਦਾਸਪੁਰ 'ਚ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।

ਪਨਿਆੜ ਪਹੁੰਚੇ ਸਨ ਪੰਡਿਤ ਨਹਿਰੂ

ਗੁਰਦਾਸਪੁਰ 'ਚ ਵੱਸਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਸੁਰੱਖਿਅਤ ਪਾਕਿਸਤਾਨ ਭੇਜਣ ਲਈ ਗੁਰਦਾਸਪੁਰ ਸ਼ਹਿਰ ਤੋਂ 6 ਕਿਲੋਮੀਟਰ ਦੂਰ ਉਤਰ-ਪੱਛਮ ਵੱਲ ਪਿੰਡ ਪਨਿਆੜ 'ਚ ਕੈਂਪ ਲਗਾਇਆ ਗਿਆ। ਇੱਥੇ ਸਾਰੇ ਮੁਸਲਿਮ ਪਰਿਵਾਰਾਂ ਨੂੰ ਇਕੱਠੇ ਕਰ ਕੇ ਉਨ੍ਹਾਂ ਦੀ ਸੁਰੱਖਿਆ ਦਾ ਜ਼ਿੰਮਾ ਪੰਜਾਬ ਪੁਲਿਸ ਅਤੇ ਫੌਜ ਨੂੰ ਸੌਂਪ ਦਿੱਤਾ ਗਿਆ। ਇਸ ਦੌਰਾਨ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਉਕਤ ਕੈਂਪ 'ਚ ਪੁੱਜੇ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਜ਼ਿਕਰਯੋਗ ਹੈ ਕਿ 14 ਅਗਸਤ ਨੂੰ ਜ਼ਿਲ੍ਹਾ ਗੁਰਦਾਸਪੁਰ ਨੂੰ ਪਾਕਿਸਤਾਨ ਵਿਚ ਸ਼ਾਮਲ ਕੀਤਾ ਗਿਆ ਸੀ ਪਰ ਇਹ ਫੈਸਲਾ ਲਾਗੂ ਹੁੰਦਾ ਤਾਂ ਭਾਰਤ ਕੋਲ ਸ੍ਰੀਨਗਰ ਦਾ ਸਿੱਧਾ ਸੜਕੀ ਲਾਂਘਾ ਨਾ ਬਚਦਾ, ਕਿਉਂਕਿ ਜ਼ਿਲ੍ਹਾ ਗੁਰਦਾਸਪੁਰ ਵਿਚ ਪੈਂਦੀ ਤਹਿਸੀਲ ਪਠਾਨਕੋਟ ਜੰਮੂ-ਕਸ਼ਮੀਰ ਨਾਲ ਸਿੱਧੇ ਤੌਰ 'ਤੇ ਜੁੜੀ ਹੋਈ ਹੈ। ਇਹੋ ਕਾਰਨ ਸੀ ਕਿ ਵੰਡ ਤੋਂ ਬਾਅਦ ਪਾਕਿਸਤਾਨ ਸਰਕਾਰ ਗੁਰਦਾਸਪਰੁ ਨੂੰ ਭਾਰਤ ਨੂੰ ਸੌਂਪਣ ਦੇ ਫੈਸਲੇ ਨੂੰ ਆਪਣੀ ਸਭ ਤੋਂ ਵੱਡੀ ਗਲਤੀ ਮੰਨਦੀ ਰਹੀ ਹੈ ਅਤੇ ਬਾਅਦ ਵਿਚ ਭਾਰਤ-ਪਾਕਿ ਜੰਗਾਂ ਦੌਰਾਨ ਵੀ ਪਠਾਨਕੋਟ 'ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਇਸ ਤਰ੍ਹਾਂ ਬੇਸ਼ੱਕ ਦੇਸ਼ ਨੂੰ ਆਜ਼ਾਦੀ ਭਾਵੇਂ 15 ਅਗਸਤ ਨੂੰ ਮਿਲ ਗਈ ਸੀ ਪਰ ਜ਼ਿਲ੍ਹਾ ਗੁਰਦਾਸਪੁਰ ਨੂੰ ਅਸਲੀ ਆਜ਼ਾਦੀ ਸਹੀ ਅਰਥਾਂ 'ਚ ਦੋ ਦਿਨਾਂ ਬਾਅਦ 17 ਅਗਸਤ ਨੂੰ ਮਿਲੀ।