ਪਵਨ ਤੇ੍ਹਨ, ਬਟਾਲਾ : ਸੂਬੇ 'ਚ ਕਈ ਅਗਾਂਹਵਧੂ ਕਿਸਾਨ ਅਜਿਹੇ ਹਨ, ਜੋ ਆਧੂਨਿਕ ਢੰਗ ਨਾਲ ਖੇਤੀ ਕਰਕੇ ਜਿਥੇ ਖ਼ੁਦ ਮੁਨਾਫਾ ਕਮਾ ਰਹੇ ਹਨ, ਉਥੇ ਹੀ ਦੂਸਰਿਆਂ ਨੂੰ ਵੀ ਆਧੁਨਿਕ ਢੰਗ ਅਪਨਾਉਣ ਲਈ ਪ੍ਰੇਰਿਤ ਕਰ ਰਹੇ ਹਨ। ਅਜਿਹਾ ਹੀ ਇਕ ਕਿਸਾਨ ਹੈ ਬਿਆਸ ਦਰਿਆ ਦੇ ਕੰਢੇ ਵਸੇ ਪਿੰਡ ਭਾਮੜੀ ਦਾ ਹਰਿੰਦਰ ਸਿੰਘ ਰਿਆੜ, ਜੋ ਖੇਤੀ ਨੂੰ ਆਧੁਨਿਕ ਢੰਗ ਨਾਲ ਕਰ ਕੇ ਦੂਸਰੇ ਕਿਸਾਨਾਂ ਲਈ ਮਿਸਾਲ ਬਣਿਆ ਹੈ।

ਪਿੰਡ ਭਾਮੜੀ ਦੇ ਇਸ ਨੌਜਵਾਨ ਕਿਸਾਨ ਨੇ ਖੇਤੀਬਾੜੀ ਦੇ ਖੇਤਰ 'ਚ ਅਜਿਹੀਆਂ ਮੱਲਾਂ ਮਾਰੀਆਂ ਹਨ ਕਿ ਉਸ ਦੀ ਚਰਚਾ ਸੂਬੇ ਭਰ ਦੇ ਅਗਾਂਹਵਧੂ ਕਿਸਾਨਾਂ 'ਚ ਹੋਣ ਲੱਗੀ ਹੈ। ਕਿਸਾਨ ਹਰਿੰਦਰ ਸਿੰਘ ਰਿਆੜ ਨੇ ਆਪਣੇ ਖੇਤਾਂ 'ਚ ਫਸਲੀ ਭਿੰਨਤਾ ਨੂੰ ਬੜੀ ਕਾਮਯਾਬੀ ਨਾਲ ਲਾਗੂ ਕੀਤਾ ਹੋਇਆ ਹੈ ਅਤੇ ਉਸ ਵੱਲੋਂ ਵਾਤਾਵਰਨ ਨੂੰ ਬਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।

ਕਿਸਾਨ ਹਰਿੰਦਰ ਸਿੰਘ ਰਿਆੜ ਵੱਲੋਂ ਫਸਲੀ ਰਹਿੰਦ-ਖੂੰਹਦ ਨੂੰ ਬਿਨਾਂ ਅੱਗ ਲਾਏ ਅਗਲੀ ਫਸਲ ਤਿਆਰ ਕੀਤੀ ਜਾਂਦੀ ਹੈ। ਹਰਿੰਦਰ ਸਿੰਘ ਅਨੁਸਾਰ ਅਜਿਹਾ ਕਰਨ ਨਾਲ ਜਿਥੇ ਵਾਤਾਵਰਨ ਪਲੀਤ ਹੋਣ ਤੋਂ ਬਚ ਰਿਹਾ ਹੈ, ਉਥੇ ਹੀ ਮਿੱਟੀ ਦੀ ਉਪਜਾਊ ਸ਼ਕਤੀ 'ਚ ਵੀ ਵਾਧਾ ਹੋ ਰਿਹਾ ਹੈ ਤੇ ਇਸ ਨਾਲ ਝਾੜ ਵੱਧ ਨਿਕਲ ਰਿਹਾ ਹੈ।

ਉਕਤ ਕਿਸਾਨ 75 ਏਕੜ 'ਚ ਖੇਤੀ ਕਰ ਰਿਹਾ ਹੈ, ਜਿਸ 'ਚੋਂ 45 ਏਕੜ ਉਸ ਦੇ ਆਪਣੇ ਹਨ, ਜਦਕਿ 30 ਏਕੜ ਉਸ ਨੇ ਠੇਕੇ 'ਤੇ ਲਏ ਹੋਏ ਹਨ। ਉਸ ਨੇ ਕਣਕ-ਝੋਨੇ ਹੇਠੋਂ ਜ਼ਮੀਨ ਦਾ ਵੱਡਾ ਰਕਬਾ ਕੱਢ ਕੇ ਹੋਰ ਫਸਲਾਂ ਅਧੀਨ ਲਿਆਂਦਾ ਹੈ, ਜਿਸ ਤਹਿਤ ਉਸ ਨੇ 35 ਕਿਲੇ 'ਚ ਗੰਨਾ, 10 ਕਿਲੇ 'ਚ ਦਾਲਾਂ, 5 ਏਕੜ 'ਚ ਸਬਜ਼ੀਆਂ, 10 ਕਿਲੇ 'ਚ ਸਰ੍ਹੋਂ ਤੋਰੀਆ ਅਤੇ ਬਾਕੀ ਰਕਬੇ 'ਚ ਉਹ ਕਣਕ-ਝੋਨਾ ਬੀਜਦਾ ਹੈ। ਕਿਸਾਨ ਹਰਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਬੜੀ ਅਸਾਨੀ ਖੇਤ ਅਗਲੀ ਫਸਲ ਲਈ ਤਿਆਰ ਕੀਤੇ ਜਾ ਸਕਦੇ ਹਨ।

ਉਸ ਨੇ ਦੱਸਿਆ ਕਿ ਉਹ ਝੋਨੇ ਦੀ ਕਟਾਈ ਐੱਸਐੱਮਐੱਸ ਲੱਗੀ ਕੰਬਾਈਨ ਮਸ਼ੀਨ ਰਾਹੀਂ ਕਰਾਉਂਦਾ ਹੈ ਅਤੇ ਉਸ ਉਪਰੰਤ ਹੈਪੀਸੀਡਰ ਨਾਲ ਖੇਤ ਨੂੰ ਬਿਨਾਂ ਵਾਹੇ ਕਣਕ ਦੀ ਬਿਜਾਈ ਕਰ ਦਿੰਦਾ ਹੈ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੀ ਖੇਤੀ ਲਾਗਤ ਵੀ ਘੱਟ ਜਾਂਦੀ ਹੈ ਅਤੇ ਫਸਲ ਦਾ ਝਾੜ ਵੀ ਵੱਧ ਨਿਕਲਦਾ ਹੈ।

ਅਗਾਂਹਵਧੂ ਕਿਸਾਨ ਨੇ ਦੱਸਿਆ ਕਿ ਜਿਨ੍ਹਾਂ ਖੇਤਾਂ 'ਚ ਉਸ ਨੇ ਗੰਨਾ, ਮਟਰ, ਆਲੂ ਜਾਂ ਹੋਰ ਸਬਜ਼ੀਆਂ ਦੀ ਕਾਸ਼ਤ ਕਰਨੀ ਹੁੰਦੀ ਹੈ, ਉਨ੍ਹਾਂ ਖੇਤਾਂ ਦੀ ਉਹ ਉਲਟਾਵੇਂ ਹੱਲ ਨਾਲ ਵਾਹੀ ਕਰਦਾ ਹੈ। ਉਸ ਨੇ ਦੱਸਿਆ ਕਿ ਉਲਟਾਵੀਂ ਹੱਲ ਸਿਰਫ 5 ਤੋਂ 6 ਇੰਚ ਤਕ ਹੀ ਡੂੰਘਾ ਵਾਹੁਣਾ ਚਾਹੀਦਾ ਹੈ।

ਇਸ ਤੋਂ ਬਾਅਦ ਉਹ 4 ਵਾਰ ਤਵੇ ਫੇਰਦਾ ਹੈ ਅਤੇ ਅਖੀਰ 'ਚ ਹੱਲਾਂ ਦੀ ਦੋਹਰ ਪਾਉਂਦਾ ਹੈ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੇ ਖੇਤ ਸਬਜ਼ੀਆਂ ਦੀ ਕਾਸ਼ਤ ਲਈ ਬਿਲਕੁਲ ਤਿਆਰ ਹੋ ਜਾਂਦੇ ਹਨ। ਹਰਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਉਸ ਸਮੇਤ ਕੁਝ ਹੋਰ ਕਿਸਾਨਾਂ ਨੇ ਮਿਲ ਕੇ ਇੱਕ 'ਨੌਜਵਾਨ ਪ੍ਰਗਤੀਸ਼ੀਲ ਸੰਗਠਨ' ਬਣਾਇਆ ਹੋਇਆ ਹੈ ਅਤੇ ਉਨ੍ਹਾਂ ਦੇ ਸੰਗਠਨ ਕੋਲ ਸਾਰੇ ਖੇਤੀ ਸੰਦ ਮੁਹੱਈਆ ਹਨ, ਜਿਨ੍ਹਾਂ ਦੀ ਉਹ ਵਰਤੋਂ ਕਰਦੇ ਹਨ।